30 ਬੋਰ ਦਾ ਪਿਸਟਲ, 8 ਰੌਂਦ, ਇਕ ਏਅਰ ਪਿਸਟਲ ਅਤੇ ਮੋਟਰਸਾਈਕਲ ਬਰਾਮਦ
ਗੁਰਦਾਸਪੁਰ, 29 ਦਸੰਬਰ : ਬੀਤੀ 25 ਦਸੰਬਰ ਨੂੰ ਗੁਰਦਾਸਪੁਰ ਦੇ ਜੇਲ ਰੋਡ ’ਤੇ ਮੌਜੂਦ ਔਜੀ ਹਬ ਇਮੀਗ੍ਰੇਸ਼ਨ ਸੈਂਟਰ ’ਤੇ ਗੋਲੀਆਂ ਚਲਾ ਕੇ ਫਰਾਰ ਹੋਏ ਦੋ ਮੁਲਜ਼ਮਾਂ ਨੂੰ ਗੁਰਦਾਸਪੁਰ ਪੁਲਸ ਨੇ ਕਾਬੂ ਕਰ ਲਿਆ ਹੈ।
ਇਸ ਸਬੰਧੀ ਅੱਜ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਡੀ. ਕੇ. ਚੌਧਰੀ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਵਾਂ ਮੁਲਜ਼ਮਾਂ ਦੀ ਡੂੰਘਾਈ ਨਾਲ ਭਾਲ ਕੀਤੀ ਜਾ ਰਹੀ ਸੀ ਅਤੇ ਪੁਲਸ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਗਈ ਜਾਂਚ ਦੇ ਨਤੀਜੇ ਵਜੋਂ ਦੋਵੇਂ ਮੁਲਜ਼ਮ ਪੁਲਸ ਦੇ ਅੜਿੱਕੇ ਚੜ੍ਹ ਗਏ ਹਨ, ਜਿਨ੍ਹਾਂ ਦੀ ਪਛਾਣ ਕਰਮਜੀਤ ਕਰਮ ਅਤੇ ਰੋਹਿਤ ਕੁਮਾਰ ਉਰਫ਼ ਆਸ਼ੂ ਵਾਸੀ ਸ਼ੁਕਰਪੁਰਾ ਮੁਹੱਲਾ, ਬਟਾਲਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 30 ਬੋਰ ਦਾ ਪਿਸਟਲ, 8 ਰੌਂਦ, ਇਕ ਏਅਰ ਪਿਸਟਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਉਕਤ ਮੋਟਰਸਾਈਕਲ ’ਤੇ ਜਾਲੀ ਨੰਬਰ ਪਲੇਟ ਲੱਗੀ ਹੋਈ ਸੀ।
ਐੱਸ.ਪੀ. ਨੇ ਦੱਸਿਆ ਕਿ ਦੋਵੇਂ ਮੁਲਜ਼ਮ ਗੈਂਗਸਟਰ ਨਿਸ਼ਾਨ ਜੋੜੀਆਂ ਲਈ ਕੰਮ ਕਰਦੇ ਸਨ ਅਤੇ ਆਪਸ ’ਚ ਇੰਟਰਨੈੱਟ ਰਾਹੀਂ ਸੰਪਰਕ ਵਿਚ ਰਹਿੰਦੇ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਮੁਲਜ਼ਮਾਂ ਦੇ ਗਿਰੋਹ ਵੱਲੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਡਰਾਉਣ ਦੇ ਮਕਸਦ ਨਾਲ ਹੀ ਏਅਰਗਨ ਰਾਹੀਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਖੋਲ ਮੌਕੇ ’ਤੇ ਸੁੱਟ ਕੇ ਦੋਵੇਂ ਫਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਕਰਮਜੀਤ ਖ਼ਿਲਾਫ਼ ਸਾਲ 2021 ਵਿੱਚ ਧਾਰਾ 295 ਤਹਿਤ ਇੱਕ ਮਾਮਲਾ ਦਰਜ ਹੈ, ਜਦਕਿ ਰੋਹਿਤ ਕੁਮਾਰ ਉਰਫ਼ ਆਸ਼ੂ ਖ਼ਿਲਾਫ਼ ਇਸ ਤੋਂ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ। ਦੋਵਾਂ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।
Read More : ਪਾਵਨ ਸਰੂਪਾਂ ਦੇ ਮਾਮਲੇ ’ਤੇ ਮੁੱਖ ਮੰਤਰੀ ਸੰਗਤਾਂ ਨੂੰ ਕਰ ਰਹੇ ਗੁੰਮਰਾਹ : ਧਾਮੀ
