ਦੀਪਕ ਨੂੰ ਕੁਝ ਦਿਨ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਵਿਚ ਕੀਤਾ ਸੀ ਤਬਦੀਲ
ਪੰਚਕੂਲਾ, 19 ਅਕਤੂਬਰ : ਪੰਚਕੂਲਾ ਵਿਚ ਇਕ ਨਾਕੇ ‘ਤੇ ਤਾਇਨਾਤ ਪੁਲਿਸ ਕਾਂਸਟੇਬਲ ਨੂੰ ਟਰੱਕ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ ਹੈ, ਜੋ ਕਿ ਜੀਂਦ ਦੇ ਪਿੱਲੂਖੇੜਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਨੇ 18 ਅਕਤੂਬਰ ਨੂੰ ਰਾਤ 11:30 ਵਜੇ ਪੰਚਕੂਲਾ ਦੇ ਚੰਡੀ ਮੰਦਰ ਟੋਲ ਪਲਾਜ਼ਾ ‘ਤੇ ਇੱਕ ਨਾਕਾ ਲਗਾਇਆ ਸੀ। ਏ.ਐੱਸ.ਆਈ, ਸੋਮਨਾਥ ਅਤੇ ਕਾਂਸਟੇਬਲ ਦੀਪਕ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕਰ ਰਹੇ ਸਨ। ਉਸੇ ਵੇਲੇ ਇੱਕ ਤੇਜ਼ ਰਫ਼ਤਾਰ ਟਰੱਕ ਆਇਆ। ਟੀਮ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਹੀਂ ਰੁਕਿਆ ਅਤੇ ਬੈਰੀਅਰ ਤੋੜਦੇ ਹੋਏ ਡਰਾਈਵਰ ਕਾਂਸਟੇਬਲ ਦੀਪਕ ਨੂੰ ਕੁਚਲਦੇ ਹੋਏ ਫਰਾਰ ਹੋ ਗਿਆ।
ਹਾਦਸੇ ਤੋਂ ਬਾਅਦ ਦੋਸ਼ੀ ਨੇ ਗੱਡੀ ਯਮੁਨਾਨਗਰ ਵੱਲ ਭਜਾ ਦਿੱਤੀ, ਜਿਸਨੂੰ ਪੁਲਿਸ ਟੀਮ ਨੇ ਪਿੱਛਾ ਕਰ ਕੇ ਗ੍ਰਿਫ਼ਤਾਰ ਕਰ ਲਿਆ। ਡਰਾਈਵਰ ਵਿਰੁੱਧ ਚੰਡੀ ਮੰਦਰ ਪੁਲਿਸ ਸਟੇਸ਼ਨ ਵਿਚ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕਾਂਸਟੇਬਲ ਦੀਪਕ 2023 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਸੀ। ਸਿਖਲਾਈ ਤੋਂ ਬਾਅਦ ਉਸ ਨੂੰ 2024 ਵਿੱਚ ਪੰਚਕੂਲਾ ਦੇ ਸੁਰਜਨਪੁਰ ਪੁਲਿਸ ਸਟੇਸ਼ਨ ਵਿਚ ਤਾਇਨਾਤ ਕੀਤਾ ਗਿਆ ਸੀ। ਦੀਪਕ ਨੂੰ ਦੋ-ਤਿੰਨ ਦਿਨ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਵਿੱਚ ਤਬਦੀਲ ਕੀਤਾ ਗਿਆ ਸੀ ਪਰ ਅਜੇ ਤੱਕ ਉਸ ਨੂੰ ਟ੍ਰੈਫਿਕ ਯੂਨਿਟ ਤੋਂ ਮੁਕਤ ਨਹੀਂ ਕੀਤਾ ਗਿਆ ਸੀ। ਦੀਪਕ 2 ਬੱਚਿਆਂ ਦਾ ਪਿਤਾ ਸੀ।
Read More : ਮਜੀਠੀਆ ਦੀ ਨਿਆਇਕ ਹਿਰਾਸਤ 1 ਨਵੰਬਰ ਤੱਕ ਵਧੀ