-ਸਮਾਜ ਸੇਵੀ ਨੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਸੁਰੱਖਿਆ ਤੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਫਿਲੌਰ, 20 ਜੁਲਾਈ : ਸਮਾਜ ਸੇਵੀ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਉਸ ਨੂੰ ਬੀਤੇ ਹਫਤੇ ਮਾਰਨ ਦੀ ਨੀਅਤ ਨਾਲ ਪਹਿਲਾਂ ਰਾਹ ’ਚ ਘੇਰਣ ਦੀ ਕੋਸ਼ਿਸ਼ ਕੀਤੀ, ਜਦੋਂ ਸਮਾਜਸੇਵੀ ਬਚ ਕੇ ਨਿਕਲ ਗਿਆ ਤਾਂ ਗੈਂਗਸਟਰਾਂ ਨੇ ਪਿੱਛੋਂ ਉਸ ਦੀ ਕਾਰ ’ਤੇ ਗੋਲੀਆਂ ਚਲਾ ਕੇ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਨੂੰ ਸਥਾਨਕ ਪੁਲਸ ਦੀ ਕੋਈ ਪ੍ਰਵਾਹ ਨਹੀਂ। ਪੁਲਸ ਸਿਰਫ ਮੁਕੱਦਮਾ ਦਰਜ ਕਰ ਕੇ ਹੱਥ ’ਤੇ ਹੱਥ ਧਰ ਕੇ ਬੈਠੀ ਸਿਰਫ ਗੈਂਗਸਟਰਾਂ ਦੀ ਅਗਲੀ ਕਾਰਵਾਈ ਦਾ ਇੰਤਜ਼ਾਰ ਕਰ ਰਹੀ ਹੈ।
ਅੱਜ ਸਮਾਜਸੇਵੀ, ਜਿਸ ਦਾ ਨਾਂ ਸੁਰੱਖਿਆ ਦੇ ਚਲਦੇ ਗੁਪਤ ਰੱਖਿਆ ਗਿਆ ਹੈ, ਨੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਸ ਨੇ ਨਸ਼ਾ ਅਤੇ ਹਥਿਆਰਾਂ ਦੇ ਸਮੱਗਲਰਾਂ ਦਾ ਵੱਡੇ ਪੱਧਰ ’ਤੇ ਪਰਦਾਫਾਸ਼ ਕੀਤਾ ਸੀ, ਜਿਸ ’ਚ ਪੁਲਸ ਨੇ ਮੁਕੱਦਮੇ ਦਰਜ ਕਰ ਕੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਸੀ. ਬੀ. ਆਈ. ਜਾਂਚ ਨੂੰ ਲੈ ਕੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਸ ਤੋਂ ਬਾਅਦ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਅਾਂ ਅਤੇ ਕੁਝ ਮਹੀਨੇ ਪਹਿਲਾਂ ਗੈਂਗਸਟਰ ਇਸ ਦੀ ਰੇਕੀ ਕਰਦੇ ਹੋਏ ਮਾਰਨ ਲਈ ਸੀ. ਆਈ. ਡੀ. ਅਧਿਕਾਰੀ ਬਣ ਕੇ ਉਸ ਦੇ ਘਰ ਦੇ ਬਾਹਰ ਆ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਹੈ ਤਾਂ ਉਹ ਵਾਪਸ ਚਲੇ ਗਏ। ਗੈਂਗਸਟਰਾਂ ਦੀ ਇਹ ਕਾਰਵਾਈ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ।
ਉਸ ਤੋਂ ਬਾਅਦ ਸਮਾਜਸੇਵੀ ਦੇ ਘਰ ’ਤੇ ਧਮਕੀ ਭਰਿਆ ਇਕ ਕੋਰੀਅਰ ਬਿਸ਼ਨੋਈ ਗੈੈਂਗ ਦੇ ਨਾਂ ’ਤੇ ਪਹੁੰਚਦਾ ਹੈ, ਜਿਸ ’ਚ ਏ. ਕੇ.-47 ਵਰਗੇ ਹਥਿਆਰਾਂ ਦੇ ਜ਼ਿੰਦਾ ਕਾਰਤੂਸਾਂ ਦੇ ਨਾਲ ਇਕ ਧਮਕੀ ਭਰਿਆ ਪੱਤਰ ਭੇਜਿਆ ਜਾਂਦਾ ਹੈ। ਸਥਾਨਕ ਪੁਲਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ’ਚ ਵੀ ਬਿਸ਼ਨੋਈ ਗੈਂਗ ਦੇ ਇਕ ਹਮਲਾਵਰ ਦੀ ਸੀ. ਸੀ. ਟੀ. ਵੀ. ਕੈਮਰੇ ’ਚ ਪਛਾਣ ਹੋ ਗਈ। ਸਭ ਕੁਝ ਹੋਣ ਦੇ ਬਾਵਜੂਦ ਪੁਲਸ ਉਨ੍ਹਾਂ ਤੱਕ ਪੁੱਜਣ ’ਚ ਨਾ-ਕਾਮਯਾਬ ਰਹੀ ਅਤੇ ਆਪਣੀ ਨਾਕਾਮੀ ਲੁਕਾਉਣ ਲਈ ਸਿਰਫ ਮੁਕੱਦਮਾ ਦਰਜ ਕਰ ਕੇ ਚੁੱਪ ਬੈਠ ਗਈ।
ਹੁਣ ਹਾਲਾਤ ਇਹ ਹੋ ਗਏ ਹਨ ਕਿ ਸਮਾਜਸੇਵੀ ਨੂੰ ਪਾਕਿਸਤਾਨ ਦੇ ਮੋਬਾਈਲ ਨੰਬਰ ਜੋ ਆਸਿਫ ਭੱਟੀ ਦੇ ਨਾਂ ’ਤੇ ਰਜਿਸਟਰਡ ਹੈ, ਤੋਂ ਧਮਕੀ ਭਰੇ ਫੋਨ ਕਾਲਜ਼ ਆਉਂਦੀਅਾਂ ਹਨ।
ਬੀਤੇ ਹਫਤੇ ਸਮਾਜਸੇਵੀ ਜਦੋਂ ਜਲੰਧਰ ਤੋਂ ਫਿਲੌਰ ਆਪਣੀ ਕਾਰ ’ਚ ਘਰ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ’ਤੇ ਮੋਟਰਸਾਈਕਲ ਸਵਾਰ 2 ਹਮਲਾਵਰ ਉਸ ਦੇ ਪਿੱਛੇ ਲੱਗ ਗਏ, ਜਿਨ੍ਹਾਂ ਨੇ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਰੋਕਣ ਦਾ ਇਸ਼ਾਰਾ ਕੀਤਾ। ਜਦੋਂ ਉਸ ਨੇ ਕਾਰ ਨਾ ਰੋਕੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਹਮਲਾਵਰ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਕਾਰ ਨੂੰ ਪਾੜ ਕੇ ਅੰਦਰ ਆ ਗਈ। ਹਮਲੇ ’ਚ ਸਮਾਜਸੇਵੀ ਵਾਲ-ਵਾਲ ਬਚਿਆ।
ਪੁਲਸ ਨੇ ਕਾਰ ’ਚ ਲੱਗੀਅਾਂ ਗੋਲੀਆਂ ਦੇ ਸ਼ੈੱਲ ਬਰਾਮਦ ਕਰ ਕੇ 2 ਅਣਪਛਾਤੇ ਹਮਲਾਵਰਾਂ ’ਤੇ ਮੁੱਕਦਮਾ ਦਰਜ ਕਰ ਕੇ ਹੁਣ ਫਿਰ ਤੋਂ ਇੰਤਜ਼ਾਰ ’ਚ ਬੈਠੀ ਹੈ ਕਿ ਹਮਲਾਵਰ ਹੁਣ ਫਿਰ ਕਦੋਂ ਹਮਲਾ ਕਰਨਗੇ। ਪੁਲਸ ਦੀ ਇਸ ਢਿੱਲੀ ਕਾਰਜਪ੍ਰਣਾਲੀ ਨੂੰ ਲੈ ਕੇ ਸਮਾਜਸੇਵੀ ਨੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਉੱਚ ਪੱਧਰੀ ਜਾਂਚ ਦੀ ਮੰਗ ਦੇ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਗੁਹਾਰ ਲਗਾਉਂਦੇ ਹੋਏ ਇਹ ਵੀ ਦੱਸਿਆ ਕਿ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਉਹ ਇਕੱਲਾ ਨਹੀਂ ਹੈ, ਗੈਂਗਸਟਰ ਸਥਾਨਕ ਵੱਡੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਉਨ੍ਹਾਂ ਕੋਲੋਂ ਵੀ ਫਿਰੌਤੀ ਦੀ ਮੰਗ ਕਰ ਰਹੇ ਹਨ।