ਵਿਆਹ

ਵਿਆਹਾਂ ਦੀ ਦਿਖਾਵੇ ਵਾਲੀ ਦੌੜ ਵਿਚ ਹੋ ਰਿਹਾ ਸ਼ਾਹੀ ਖਰਚਾ, ਆਮ ਘਰਾਂ ਦਾ ਲੱਕ ਤੋੜ ਰਿਹੈ

ਵਿਆਹ ਭਾਰਤੀ ਸੱਭਿਆਚਾਰ ਦਾ ਇਕ ਅਜਿਹਾ ਪਵਿੱਤਰ ਬੰਧਨ ਹੈ, ਜੋ ਦੋ ਦਿਲਾਂ ਦੇ ਨਾਲ-ਨਾਲ ਦੋ ਪਰਿਵਾਰਾਂ ਨੂੰ ਵੀ ਇਕ ਸੂਤਰ ਵਿਚ ਪਰੋਦਾ ਹੈ ਪਰ ਦੁਖਦਾਈ ਸੱਚਾਈ ਇਹ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਭਾਵਨਾਵਾਂ ਦੀ ਗੰਭੀਰਤਾ ਅਤੇ ਸਾਦਗੀ ਦੀ ਬਜਾਏ, ਇਹ ਸਮਾਜਿਕ ਤਿਉਹਾਰ ਹੁਣ ਇਕ ਭਿਆਨਕ ‘ਦਿਖਾਵੇ ਦੀ ਦੌੜ’ ਦਾ ਰੂਪ ਲੈ ਚੁੱਕੇ ਹਨ।

ਇਸ ਸ਼ਾਹੀ ਅਤੇ ਬੇਲੋੜੀ ਖਰਚੀਲੀ ਸੰਸਕ੍ਰਿਤੀ ਨੇ ਪੰਜਾਬ ਦੇ ਮੱਧ-ਵਰਗੀ ਅਤੇ ਆਮ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਦੇ ਜਿਸ ਵਿਆਹ ਸਮਾਗਮ ਨੂੰ ਪਰਿਵਾਰ ਦੀ ਸਮਰੱਥਾ ਅਤੇ ਸਮਾਜਿਕ ਮੇਲ-ਜੋਲ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਅੱਜ ਉਹ ਸਮਾਜ ਵਿਚ ਆਪਣੀ ਝੂਠੀ ‘ਇੱਜ਼ਤ’ ਸਥਾਪਤ ਕਰਨ ਦਾ ਜ਼ਰੀਆ ਬਣ ਗਿਆ ਹੈ। ਇਸ ਦਿਖਾਵੇ ਦੀ ਹੋੜ ਵਿੱਚ ਲੋਕ ਨਾ ਸਿਰਫ਼ ਆਪਣੀ ਮਿਹਨਤ ਦੀ ਕਮਾਈ ਸਗੋਂ ਕਈ ਸਾਲਾਂ ਦੀ ਬਚਤ ਅਤੇ ਇੱਥੋਂ ਤੱਕ ਕਿ ਕਰਜ਼ਾ ਵੀ ਖੁਸ਼ੀ-ਖੁਸ਼ੀ ‘ਫੂਕ’ ਰਹੇ ਹਨ।

ਕਰਜ਼ੇ ਅਤੇ ਕਿਸ਼ਤਾਂ ‘ਤੇ ਹੋ ਰਹੇ ਵਿਆਹ

ਵਿਆਹਾਂ ‘ਤੇ ਹੋ ਰਹੇ ਦਿਖਾਵੇ ਵਾਲੇ ਖਰਚਿਆਂ ਨੇ ਮੱਧ-ਵਰਗੀ ਅਤੇ ਹੇਠਲੇ-ਮੱਧ-ਵਰਗੀ ਪਰਿਵਾਰਾਂ ਲਈ ਇੱਕ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਇਕ ਸਰਵੇਖਣ ਅਨੁਸਾਰ ਹੁਣ ਵੱਡੀ ਗਿਣਤੀ ਵਿਚ ਅਜਿਹੇ ਵਿਆਹ ਹੋ ਰਹੇ ਹਨ, ਜਿਨ੍ਹਾਂ ਦਾ ਖਰਚਾ ਪੂਰਾ ਕਰਨ ਲਈ ਪਰਿਵਾਰ ਬੈਂਕ ਤੋਂ ਨਿੱਜੀ ਕਰਜ਼ਾ ਲੈ ਰਹੇ ਹਨ ਜਾਂ ਫਿਰ ਰਿਸ਼ਤੇਦਾਰਾਂ ਤੋਂ ਉਧਾਰ ਚੁੱਕ ਰਹੇ ਹਨ।

ਕਈ ਮਾਮਲਿਆਂ ਵਿਚ ਤਾਂ ਇਕ ਧੀ ਦੇ ਵਿਆਹ ਦਾ ਕਰਜ਼ਾ ਚੁਕਾਉਣ ਵਿਚ ਹੀ ਪਰਿਵਾਰ ਦੇ ਕਈ ਸਾਲ ਨਿਕਲ ਜਾਂਦੇ ਹਨ। ਲੜਕੇ ਵਾਲੇ ਅਤੇ ਲੜਕੀ ਵਾਲੇ ਦੋਵੇਂ ਹੀ, ਦਿਖਾਵੇ ਦੀ ਇਸ ਅੰਨ੍ਹੀ ਦੌੜ ਵਿੱਚ ਸ਼ਾਮਲ ਹਨ। ਜਿੱਥੇ ਪਹਿਲਾਂ ਰਿਸ਼ਤੇ ਸਿਰਫ਼ ਲਾੜੇ-ਲਾੜੀ ਦੇ ਸੰਸਕਾਰਾਂ ਅਤੇ ਪਰਿਵਾਰ ਦੇ ਪਿਛੋਕੜ ਨੂੰ ਦੇਖ ਕੇ ਤੈਅ ਹੁੰਦੇ ਸਨ, ਉੱਥੇ ਹੁਣ ਪਹਿਲੀ ਸ਼ਰਤ ਇਹ ਬਣ ਗਈ ਹੈ ਕਿ ਵਿਆਹ ‘ਕਿੰਨੇ ਲੱਖ’ ਜਾਂ ‘ਕਿੰਨੇ ਕਰੋੜ’ ਦਾ ਹੋਵੇਗਾ।

ਰਿਜ਼ੋਰਟ ਬੁਕਿੰਗ, ਸਜਾਵਟ, ਮਹਿੰਗੇ ਵੈਡਿੰਗ ਪਲਾਨਰ, ਹਾਈ-ਫਾਈ ਡੀਜੇ, ਸ਼ਾਨਦਾਰ ਫੋਟੋਗ੍ਰਾਫੀ, ਅਤੇ ਵੀਡੀਓਗ੍ਰਾਫੀ ‘ਤੇ ਲੱਖਾਂ-ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਜਾ ਰਹੇ ਹਨ।

ਪ੍ਰੀ-ਵੈਡਿੰਗ ਸ਼ੂਟ ਤੋਂ ਲੈ ਕੇ ਡੈਸਟੀਨੇਸ਼ਨ ਵੈਡਿੰਗ ਤੱਕ

ਦਿਖਾਵਾ ਹੁਣ ਸਿਰਫ਼ ਵਿਆਹ ਦੇ ਮੁੱਖ ਸਮਾਗਮ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਹ ਪ੍ਰੀ-ਵੈਡਿੰਗ ਸ਼ੂਟ, ਕਾਕਟੇਲ ਪਾਰਟੀ, ਬੈਚਲਰ ਪਾਰਟੀ ਅਤੇ ਇੱਥੋਂ ਤੱਕ ਕਿ ਹਨੀਮੂਨ ਤੱਕ ਫੈਲ ਗਿਆ ਹੈ।

ਇੱਕ ਸਮਾਂ ਸੀ ਜਦੋ ਵਿਆਹ ਦੇ ਐਲਬਮ ਵਿੱਚ ਸਿਰਫ਼ ਰਸਮਾਂ ਦੀਆਂ ਫੋਟੋਆਂ ਹੁੰਦੀਆਂ ਸਨ। ਅੱਜ ਇਹ ਫੈਸ਼ਨ ਪੰਜਾਬ ਤੱਕ ਹੀ ਸੀਮਤ ਨਹੀਂ, ਸਗੋਂ ਹਿਮਾਚਲ ਜਾਂ ਰਾਜਸਥਾਨ ਦੀਆਂ ਡੈਸਟੀਨੇਸ਼ਨਾਂ ‘ਤੇ ਸ਼ੂਟ ਕਰਵਾਉਣ ਦਾ ਰੂਪ ਲੈ ਚੁੱਕਾ ਹੈ, ਜਿਸ ‘ਤੇ ਲੱਖਾਂ ਦਾ ਖਰਚਾ ਆਉਂਦਾ ਹੈ।

ਪ੍ਰੋਗਰਾਮਾਂ ਦੀ ਗਿਣਤੀ

ਪਹਿਲਾਂ ਹਲਦੀ, ਮਹਿੰਦੀ ਅਤੇ ਮੁੱਖ ਵਿਆਹ ਸਮਾਗਮ ਹੁੰਦਾ ਸੀ। ਅੱਜ ਦੇ ਵਿਆਹਾਂ ਵਿਚ ਕੁੜਮਾਈ (ਸਗਾਈ), ਰਿੰਗ ਸੈਰੇਮਨੀ, ਲੇਡੀਜ਼ ਸੰਗੀਤ, ਕਾਕਟੇਲ ਪਾਰਟੀ, ਹਲਦੀ, ਮਹਿੰਦੀ, ਵਿਆਹ ਅਤੇ ਰਿਸੈਪਸ਼ਨ—ਘੱਟੋ-ਘੱਟ ਸੱਤ ਤੋਂ ਅੱਠ ਪ੍ਰੋਗਰਾਮ ਹੁੰਦੇ ਹਨ, ਜਿਨ੍ਹਾਂ ਵਿੱਚੋਂ ਹਰ ਪ੍ਰੋਗਰਾਮ ਦਾ ਇਕ ਵੱਖਰਾ ਥੀਮ, ਵੱਖਰਾ ਸਥਾਨ ਅਤੇ ਵੱਖਰਾ ਡਰੈੱਸ ਕੋਡ ਹੁੰਦਾ ਹੈ।

ਖਾਣੇ ਦੇ ਮੇਨੂ ਵਿੱਚ ਸੈਂਕੜੇ ਪਕਵਾਨ ਅਤੇ ਵਿਦੇਸ਼ੀ ਸਜਾਵਟ ਹੁਣ ਆਮ ਗੱਲ ਹੋ ਗਈ ਹੈ। ਲੋਕਾਂ ਦਾ ਧਿਆਨ ਪਕਵਾਨਾਂ ਦੀ ਗੁਣਵੱਤਾ ਤੋਂ ਹਟ ਕੇ ਸਟਾਲਾਂ ਦੀ ਗਿਣਤੀ ‘ਤੇ ਜ਼ਿਆਦਾ ਰਹਿੰਦਾ ਹੈ।

ਸਮਾਜਿਕ ਦਬਾਅ ਅਤੇ ਭਾਵਨਾਤਮਕ ਬਲੈਕਮੇਲਿੰਗ

ਇਸ ਫਜ਼ੂਲ ਖਰਚੀ ਦੀ ਜੜ੍ਹ ਵਿੱਚ ਸਮਾਜਿਕ ਦਬਾਅ ਅਤੇ ਇੱਜ਼ਤ ਦਾ ਮਿਥ ਕੰਮ ਕਰਦਾ ਹੈ। ਪਰਿਵਾਰ ਇਹ ਸੋਚ ਕੇ ਚਿੰਤਤ ਰਹਿੰਦੇ ਹਨ ਕਿ “ਜੇਕਰ ਅਸੀਂ ਆਪਣੇ ਗੁਆਂਢੀ ਜਾਂ ਰਿਸ਼ਤੇਦਾਰ ਨਾਲੋਂ ਘੱਟ ਧੂਮਧਾਮ ਨਾਲ ਵਿਆਹ ਕੀਤਾ, ਤਾਂ ਸਮਾਜ ਕੀ ਕਹੇਗਾ?” ਇਸੇ ਚਿੰਤਾ ਵਿੱਚ ਮਾਤਾ-ਪਿਤਾ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਬੱਚਿਆਂ ਦੇ ਵਿਆਹ ‘ਤੇ ਕੁਰਬਾਨ ਕਰ ਦਿੰਦੇ ਹਨ।

ਪੇਂਡੂ ਅਤੇ ਕਸਬਾਈ ਇਲਾਕਿਆਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਇਕ ਕਿਸਾਨ ਜਾਂ ਛੋਟਾ ਵਪਾਰੀ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਲਗਾ ਦਿੰਦਾ ਹੈ ਅਤੇ ਜੇਕਰ ਫਿਰ ਵੀ ਕੋਈ ਕਮੀ ਰਹਿ ਜਾਵੇ, ਤਾਂ ਉਸਨੂੰ ਸਾਰੀ ਉਮਰ ਤਾਅਨੇ ਸੁਣਨੇ ਪੈਂਦੇ ਹਨ।

ਇਹ ਇਕ ਪ੍ਰਕਾਰ ਦੀ ਭਾਵਨਾਤਮਕ ਬਲੈਕਮੇਲਿੰਗ ਬਣ ਚੁੱਕੀ ਹੈ, ਜਿੱਥੇ ਧੀ ਜਾਂ ਪੁੱਤਰ ਦੀ ਖੁਸ਼ੀ ਦਾ ਮਾਪਦੰਡ ਵਿਆਹ ‘ਤੇ ਖਰਚ ਕੀਤੇ ਗਏ ਰੁਪਿਆਂ ਤੋਂ ਮਾਪਿਆ ਜਾਂਦਾ ਹੈ।

ਹੱਲ : ਸਾਦਗੀ ਅਤੇ ਸੰਸਕਾਰਾਂ ਦੀ ਵਾਪਸੀ

ਇਸ ਬੇਕਾਬੂ ਖਰਚੇ ‘ਤੇ ਲਗਾਮ ਲਗਾਉਣ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣਾ ਪਵੇਗਾ। ਸਾਨੂੰ ਫਿਰ ਤੋਂ ਵਿਆਹਾਂ ਨੂੰ ਸਾਦਗੀ ਅਤੇ ਸੰਸਕਾਰਾਂ ਵੱਲ ਲੈ ਕੇ ਜਾਣਾ ਹੋਵੇਗਾ। ਵਿਆਹ ਇਕ ਸਮਾਜਿਕ-ਧਾਰਮਿਕ ਬੰਧਨ ਹੈ, ਨਾ ਕਿ ਆਪਣੇ ਬੈਂਕ ਬੈਲੰਸ ਦਾ ਪ੍ਰਦਰਸ਼ਨ।

ਜਦੋਂ ਤੱਕ ਸਮਾਜ ਦਾ ਹਰ ਵਿਅਕਤੀ ਇਹ ਤੈਅ ਨਹੀਂ ਕਰੇਗਾ ਕਿ ਉਹ ਦਿਖਾਵੇ ਦੀ ਬਜਾਏ ਆਪਣੇ ਬੱਚਿਆਂ ਦੇ ਭਵਿੱਖ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰੇਗਾ, ਉਦੋਂ ਤੱਕ ਇਹ ਦੌੜ ਜਾਰੀ ਰਹੇਗੀ। ਜੇਕਰ ਹਰ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਖਰਚ ਕਰੇ ਅਤੇ ਨਾ ਕਿਸੇ ‘ਤੇ ਕਰਜ਼ੇ ਦਾ ਬੋਝ ਪਾਵੇ, ਤਾਂ ਹੀ ਇਸ ਦਿਖਾਵੇ ਵਾਲੀ ਅਤੇ ਸ਼ਾਹੀ ਸੰਸਕ੍ਰਿਤੀ ਤੋਂ ਆਮ ਲੋਕਾਂ ਨੂੰ ਮੁਕਤੀ ਮਿਲ ਪਾਵੇਗੀ।

ਸੰਖੇਪ ਵਿਚ ਇਹ ਸਮਝਣਾ ਹੋਵੇਗਾ ਕਿ ‘ਇੱਜ਼ਤ’ ਸਮਾਗਮਾਂ ਦੀ ਸ਼ਾਨੋ-ਸ਼ੌਕਤ ਤੋਂ ਨਹੀਂ, ਸਗੋਂ ਰਿਸ਼ਤਿਆਂ ਦੀ ਮਜ਼ਬੂਤੀ, ਇਮਾਨਦਾਰੀ ਅਤੇ ਪਰਿਵਾਰ ਦੇ ਮੈਂਬਰਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਤੋਂ ਮਿਲਦੀ ਹੈ।

Leave a Reply

Your email address will not be published. Required fields are marked *