3 ਮਜ਼ਦੂਰ ਗੰਭੀਰ ਜ਼ਖਮੀ
ਤਲਵੰਡੀ ਸਾਬੋ, 7 ਜੁਲਾਈ :-ਇਤਿਹਾਸਕ ਨਗਰ ਤਲਵੰਡੀ ਸਾਬੋ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਕਚਹਿਰੀ ਕੰਪਲੈਕਸ ਦੀ ਇਮਾਰਤ ਦੀ ਛੱਤ ਦਾ ਇਕ ਹਿੱਸਾ ਅੱਜ ਪਾਉਂਦੇ ਸਾਰ ਹੀ ਡਿੱਗ ਪੈਣ ਨਾਲ ਛੱਤ ਪਾਉਣ ਦੇ ਕੰਮ ’ਚ ਲੱਗੇ ਤਿੰਨ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ, ਜਦੋਂ ਕਿ ਦੋ ਮਜ਼ਦੂਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਿੱਥੇ ਵੱਡਾ ਬਚਾਅ ਇਹ ਰਿਹਾ ਕਿ ਇਸੇ ਇਮਾਰਤ ’ਚ ਅੱਠ ਜੁਲਾਈ ਨੂੰ ਪ੍ਰਸ਼ਾਸਨ ਵੱਲੋਂ ਈਜ਼ੀ ਰਜਿਸਟਰੀ ਦੇ ਕੰਮ ਦਾ ਆਰੰਭ ਕੀਤਾ ਜਾਣਾ ਸੀ। ਉੱਥੇ ਮਜ਼ਦੂਰ ਆਗੂਆਂ ਨੇ ਨਿਰਮਾਣ ਦੇ ਸਮੁੱਚੇ ਕੰਮ ਦੀ ਜਾਂਚ ਕੀਤੇ ਜਾਣ ਅਤੇ ਜ਼ਖਮੀ ਮਜ਼ਦੂਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਅੱਜ ਕਰੀਬ ਸਾਢੇ ਪੰਜ ਵਜੇ ਜਦੋਂ ਕਚਹਿਰੀ ਕੰਪਲੈਕਸ ਦੀ ਨਿਰਮਾਣ ਅਧੀਨ ਇਮਾਰਤ ਦੇ ਇਕ ਹਿੱਸੇ ਦੀ ਛੱਤ ਪਾ ਕੇ ਅਜੇ ਮਜ਼ਦੂਰ ਨਿਕਲ ਹੀ ਰਹੇ ਸਨ ਕਿ ਛੱਤ ਥੱਲੇ ਆ ਡਿੱਗੀ, ਜਿਸ ਨਾਲ ਕੁਝ ਮਜ਼ਦੂਰ ਮਲਬੇ ਥੱਲੇ ਦੱਬੇ ਗਏ। ਘਟਨਾ ਦਾ ਪਤਾ ਲੱਗਦਿਆਂ ਸਭ ਤੋਂ ਪਹਿਲਾਂ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਸਤਿੰਦਰ ਸਿੱਧੂ ਅਤੇ ਕਚਿਹਰੀਆਂ ਦੇ ਕੁਝ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ਤੇ ਪੁਲਸ ਨੂੰ ਸੂਚਿਤ ਕੀਤਾ।
ਥਾਣਾ ਮੁਖੀ ਯਾਦਵਿੰਦਰ ਸਿੰਘ ਅਤੇ ਡੀ. ਐੱਸ. ਪੀ. ਰਾਜੇਸ਼ ਸਨੇਹੀ ਵੀ ਮੌਕੇ ’ਤੇ ਪੁੱਜੇ ਅਤੇ ਮਜ਼ਦੂਰਾਂ ਨੂੰ ਮਲਬੇ ’ਚੋਂ ਸਹਾਰਾ ਕਲੱਬ ਕਾਰਕੁੰਨ ਹੈਪੀ ਸਿੰਘ ਦੀ ਮਦਦ ਨਾਲ ਕਢਵਾ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਗਿਆ। ਘਟਨਾ ਸਥਾਨ ’ਤੇ ਮੌਜੂਦ ਕੁਝ ਵਿਅਕਤੀਆਂ ਵੱਲੋਂ ਛੱਤ ਪਾਉਣ ਸਮੇਂ ਮਜ਼ਦੂਰਾਂ ਦੀ ਸੁਰੱਖਿਆ ’ਚ ਅਣਗਹਿਲੀ ਵਰਤਣ ਦੇ ਨਾਲ-ਨਾਲ ਗੈਰ ਮਿਆਰੀ ਮਟੀਰੀਅਲ ਵਰਤੇ ਜਾਣ ਦੇ ਕਥਿਤ ਦੋਸ਼ ਲਗਾਏ ਗਏ। ਇਸ ਬਾਰੇ ਮੌਕੇ ’ਤੇ ਮੌਜੂਦ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਕਲੇਰ ਨੇ ਪੁੱਛੇ ਜਾਣ ’ਤੇ ਸਿਰਫ ਇੰਨਾ ਹੀ ਕਿਹਾ ਕਿ ਗੈਰ ਮਿਆਰੀ ਮਟੀਰੀਅਲ ਵਰਤੇ ਜਾਣ ਬਾਰੇ ਤਾਂ ਪੀ. ਡਬਲਿਯੂ. ਡੀ. ਦੇ ਅਧਿਕਾਰੀ ਹੀ ਬਿਹਤਰ ਦੱਸ ਸਕਦੇ ਹਨ।
ਉਕਤ ਹਾਦਸੇ ’ਚ ਜ਼ਖਮੀ ਹੋਏ ਤਿੰਨ ਮਜ਼ਦੂਰਾਂ ਦੀਪਕ ਕੁਮਾਰ ਪੁੱਤਰ ਰਾਮਬਲੀ, ਗੌਰਵ ਕੁਮਾਰ ਪੁੱਤਰ ਕਾਲੀ ਨੰਦ ਵਾਸੀਆਨ ਬਿਹਾਰ ਅਤੇ ਗੋਪਾਲ ਪੁੱਤਰ ਰਾਮਨਾਥ ਵਾਸੀ ਉੱਤਰ ਪ੍ਰਦੇਸ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉਧਰ ਮਜ਼ਦੂਰਾਂ ਦਾ ਪਤਾ ਲੈਣ ਪੁੱਜੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਮੱਖਣ ਸਿੰਘ ਨੇ ਦਾਅਵਾ ਕੀਤਾ ਕਿ ਪਹਿਲਾਂ ਵੀ ਠੇਕੇਦਾਰ ਵੱਲੋਂ ਨਿਰਮਾਣ ਦਾ ਕੰਮ ਤੈਅ ਸਮਾਂ ਸੀਮਾ ਅੰਦਰ ਨਹੀਂ ਕੀਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਉਸਨੂੰ ਕੰਮ ਨਿਬੇੜਨ ਲਈ ਹੋਰ ਸਮਾਂ ਦਿੱਤਾ ਗਿਆ। ਹੁਣ ਜਦੋਂ ਭਲਕੇ ਇਸ ਇਮਾਰਤ ’ਚ ਕੋਈ ਉਦਘਾਟਨ ਹੋਣਾ ਸੀ ਤਾਂ ਜਲਦਬਾਜ਼ੀ ’ਚ ਛੱਤ ਪਾਉਣ ਦਾ ਕੰਮ ਨਿਬੇੜਨ ਕਰ ਕੇ ਹੀ ਹਾਦਸਾ ਵਾਪਰਿਆ।
ਉਨ੍ਹਾਂ ਮੰਗ ਕੀਤੀ ਕਿ ਹਾਦਸੇ ਦੇ ਗੰਭੀਰ ਜ਼ਖਮੀ ਮਜ਼ਦੂਰਾਂ ਦਾ ਸਮੁੱਚਾ ਇਲਾਜ ਪ੍ਰਸ਼ਾਸਨ ਕਰਵਾਏ। ਉਨ੍ਹਾਂ ਲਈ ਯੋਗ ਮੁਆਵਜ਼ਾ ਐਲਾਨਿਆ ਜਾਵੇ ਅਤੇ ਨਾਲ ਹੀ ਸਮੁੱਚੀ ਨਿਰਮਾਣ ਪ੍ਰਕ੍ਰਿਆ ਦੀ ਉੱਚ ਪੱਧਰੀ ਜਾਂਚ ਕਰਵਾਕੇ ਹਾਦਸੇ ਦੇ ਮੁਲਜ਼ਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਉੱਧਰ ਡੀ. ਐੱਸ. ਪੀ. ਰਾਜੇਸ਼ ਸਨੇਹੀ ਨੇ ਦੱਸਿਆ ਕਿ ਪੁਲਸ ਡੂੰਘਾਈ ਨਾਲ ਸਮੁੱਚੇ ਮਾਮਲੇ ਦੀ ਜਾਂਚ ਕਰ ਰਹੀ ਹੈ।
Read More : ‘ਸਮਾਈਲ’ ਪ੍ਰਾਜੈਕਟ ਤਹਿਤ ਸਰਕਾਰ ਦਾ ਵੱਡਾ ਐਕਸ਼ਨ