ਸਵਾਇਨ ਫਲੂ

ਤਾਪਮਾਨ ’ਚ ਗਿਰਾਵਟ ਆਉਣ ਨਾਲ ਹੀ ਵੱਧ ਜਾਂਦਾ ਸਵਾਈਨ ਫਲੂ ਦਾ ਖਤਰਾ

ਬਚਾਅ ਲਈ ਸਿਹਤ ਵਿਭਾਗ ਜਾਰੀ ਕੀਤੀ ਐਡਵਾਈਜ਼ਰੀ

ਗੁਰਦਾਸਪੁਰ, 31 ਦਸੰਬਰ : ਇਸ ਸਾਲ ਡੇਂਗੂ ਵੱਲੋਂ ਦਿਖਾਏ ਗਏ ਵੱਡੇ ਪ੍ਰਕੋਪ ਦੇ ਬਾਅਦ ਹੁਣ ਜਦੋਂ ਤਾਪਮਾਨ ’ਚ ਗਿਰਾਵਟ ਆਉਣ ਕਾਰਨ ਡੇਂਗੂ ਦਾ ਲਾਰਵਾ ਖਤਮ ਹੋ ਚੁੱਕਾ ਹੈ ਪਰ ਤਾਪਮਾਨ ’ਚ ਗਿਰਾਵਟ ਤੋਂ ਬਾਅਦ ਸਵਾਈਨ ਫਲੂ ਹੋਣ ਦਾ ਖਤਰਾ ਵਧ ਜਾਂਦਾ ਹੈ, ਜਿਸ ਦੇ ਚਲਦਿਆਂ ਸਿਹਤ ਵਿਭਾਗ ਨੇ ਲੋਕਾਂ ਨੂੰ ਸੁਚੇਤ ਕਰਨ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਸਵਾਈਨ ਫਲੂ (ਐੱਚ1ਐੱਨ1) ਤੋਂ ਬਚਾਅ ਲਈ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਇਕ ਵਾਇਰਸ ਜਣਿਤ ਰੋਗ ਹੈ, ਜੋ ਛਿਕ, ਖੰਘ ਅਤੇ ਸੰਪਰਕ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਤੇਜ਼ੀ ਨਾਲ ਫੈਲ ਸਕਦਾ ਹੈ।

ਡਾ. ਪ੍ਰਭਾਕਰ ਨੇ ਕਿਹਾ ਕਿ ਸਵਾਈਨ ਫਲੂ ਦੇ ਆਮ ਲੱਛਣਾਂ ’ਚ ਤੇਜ਼ ਬੁਖਾਰ, ਖਾਂਸੀ, ਜ਼ੁਕਾਮ, ਦਸਤ, ਗਲੇ ’ਚ ਦਰਦ, ਸਰੀਰ ’ਚ ਦਰਦ, ਥਕਾਵਟ ਅਤੇ ਸਾਹ ਲੈਣ ’ਚ ਮੁਸ਼ਕਲ ਸ਼ਾਮਲ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਚ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਜ਼ਿਲਾ ਹਸਪਤਾਲ ’ਚ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਆਪਣੇ ਪੱਧਰ ’ਤੇ ਦਵਾਈਆਂ ਲੈਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਹਮੇਸ਼ਾ ਡਾਕਟਰ ਦੀ ਸਲਾਹ ਅਨੁਸਾਰ ਹੀ ਇਲਾਜ ਕਰਵਾਇਆ ਜਾਵੇ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲਾ ਹਸਪਤਾਲ ਗੁਰਦਾਸਪੁਰ ’ਚ ਸਵਾਈਨ ਫਲੂ ਦੀ ਜਾਂਚ ਅਤੇ ਇਲਾਜ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਸਿਹਤ ਕੇਂਦਰਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਦੇ ਮਰੀਜ਼ ਨਾਲ ਹੱਥ ਮਿਲਾਉਣ ਜਾਂ ਸਰੀਰਕ ਸੰਪਰਕ ਕਰਨ ਨਾਲ ਇਹ ਰੋਗ ਫੈਲ ਸਕਦਾ ਹੈ। ਮਰੀਜ਼ ਦੀ ਖੰਘ ਜਾਂ ਥੁੱਕ ਰਾਹੀਂ ਵੀ ਵਾਇਰਸ ਦੂਜਿਆਂ ਤੱਕ ਪਹੁੰਚ ਸਕਦਾ ਹੈ। ਇਸ ਲਈ ਲੋਕ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ, ਮਾਸਕ ਦੀ ਵਰਤੋਂ ਕਰਨ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਅਤੇ ਸਾਫ਼-ਸੁਥਰਾ ਰਹਿਣ।

ਡਾ. ਪ੍ਰਭਾਕਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕਰਨ ਲਈ ਲਗਾਤਾਰ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸਵਾਈਨ ਫਲੂ ਦੇ ਇਲਾਜ ਲਈ ਜ਼ਿਲਾ ਪੱਧਰ ’ਤੇ ਪੂਰਾ ਪ੍ਰਬੰਧ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਸਿਰਫ਼ ਸਾਵਧਾਨੀ ਅਤੇ ਸਮੇਂ ਸਿਰ ਜਾਂਚ ਬਹੁਤ ਜ਼ਰੂਰੀ ਹੈ।

Read More : ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦਾ ਹੋਵੇਗਾ ਡੋਪ ਟੈਸਟ

Leave a Reply

Your email address will not be published. Required fields are marked *