Prem Singh Chandumajra

ਬਰਸੀ ’ਤੇ ਹੋਵੇਗਾ ‘ਅਸਲੀ ਅਤੇ ਨਕਲੀ ਅਕਾਲੀ ਦਲ’ ਦਾ ਨਿਤਾਰਾ : ਪ੍ਰੋ. ਚੰਦੂਮਾਜਰਾ

ਪਟਿਆਲਾ, 19 ਅਗਸਤ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਥਕ ਖੇਤਰ ’ਚ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ, ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਤੁਰਿਆ ਅਸਲੀ ਅਕਾਲੀ ਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਇਕ ਨਵੀਂ ਮੁਹਿੰਮ ਦਾ ਆਗਾਜ਼ ਕਰੇਗਾ।

ਉਨ੍ਹਾਂ ਆਖਿਆ ਕਿ ਬਰਸੀ ’ਤੇ ਪੰਜਾਬ ਦੇ ਲੋਕਾਂ ਸਾਹਮਣੇ ਅਸਲੀ ਅਤੇ ਨਕਲੀ ਅਕਾਲੀ ਦਲ ਦਾ ਵੀ ਨਿਤਾਰਾ ਵੀ ਹੋਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪਣੇ ਆਪ ਨੂੰ ਅਕਾਲੀ ਅਖਵਾਉਣ ਅਤੇ ਪੰਜਾਬ ਤੇ ਪੰਥ ਹਿਤੈਸ਼ੀ ਲੋਕਾਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਨਾਕਾਮ ਕਰਨ ਦੀ ਲੋੜ ਹੈ।

ਪ੍ਰੋ. ਚੰਦੂਮਾਜਰਾ ਨੇ ਚਿੰਤਾ ਕਰਦਿਆਂ ਆਖਿਆ ਕਿ ਪੰਜਾਬ ਨੂੰ ਵੱਡੀ ਆਰਥਿਕ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਸਿਰ 4 ਲੱਖ ਕਰੋੜ ਕਰਜ਼ੇ ਦਾ ਬੋਝ ਹੈ, ਜੋ ਪ੍ਰਤੀ ਦਿਨ ਵਧ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਇਸ ਮਾੜੇ ਆਰਥਿਕ ਦੌਰ ’ਚੋਂ ਕੱਢਣ ਲਈ ਸਮੂਹ ਪੰਜਾਬੀਆਂ ਨੂੰ ਇਕੱਠੇ ਹੋਕੇ ਹੰਭਲਾ ਮਾਰਨਾ ਪਵੇਗਾ।

ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਆਰਥਿਕ, ਰਾਜਨੀਤਕ ਅਤੇ ਸਮਾਜਿਕ ਤੌਰ ’ਤੇ ਬਹੁ-ਪਰਤੀ ਸੰਕਟਾਂ ’ਚ ਘਿਰਿਆ ਨਜਰ ਆ ਰਿਹਾ ਹੈ। ਇਸ ’ਚ ਮੁੱਖ ਸੰਕਟ ਡੈੱਮਾਂ ਉੱਤੋਂ ਪੰਜਾਬ ਦਾ ਕੰਟਰੋਲ ਖਤਮ ਕਰ ਦੇਣਾ, ਬੀ. ਬੀ. ਐੱਮ. ਬੀ. ਅਤੇ ਸੀ. ਆਈ. ਐੱਸ. ਐੱਫ. ਨੂੰ ਤਾਇਨਾਤ ਕਰ ਦੇਣਾ, ਕੇਂਦਰ ਵੱਲੋਂ ਸੂਬੇ ਦੇ ਦਿਹਾਤੀ ਫੰਡਾਂ ਦੇ ਸੈਂਕੜੇ ਕਰੋੜ ਰੁਪਏ ਨਾ ਦੇਣਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚੋਂ ਮੁਲਾਜ਼ਮਾਂ ਦੀ 60:40 ਅਨੁਪਾਤ ਦੀ ਸਰਤ ਖਤਮ ਕਰ ਦੇਣਾ ਆਦਿ ’ਤੇ ਸੂਬੇ ਦੀ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ।

ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਨੂੰ ਇਸ ਸੰਕਟ ’ਚੋਂ ਕੱਢਣ ਲਈ ਸਮੁੱਚੇ ਪੰਜਾਬੀਆਂ ਨੂੰ ਪੰਜਾਬ ਦੇ ਅਸਲੀ ਵਾਰਿਸ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ, ਜਿਸ ਦੀ ਸ਼ੁਰੂਆਤ ਸਮੂਹ ਪੰਜਾਬੀਆਂ ਦੇ ਸਹਿਯੋਗ ਤੇ ਪੰਥਕ ਧਿਰਾਂ ਦੀ ਹਮਾਇਤ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਹੋਵੇਗੀ।

Read More : ਨਕਾਬਪੋਸ਼ ਲੁਟੇਰਿਆਂ ਨੇ ਔਰਤ ਨੂੰ ਬੰਦੀ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Leave a Reply

Your email address will not be published. Required fields are marked *