ਸਟੇਟ ਪੱਧਰੀ ਸਮਾਗਮ

ਪੰਜਾਬ ਸਰਕਾਰ ਨੇ ਗੁਰਦਾਸਪੁਰ ’ਚ ਕ੍ਰਿਸਮਸ ਸਬੰਧੀ ਕਰਵਾਇਆ ਸੂਬਾ ਪੱਧਰੀ ਸਮਾਗਮ

ਕ੍ਰਿਸਮਸ ਦਾ ਤਿਉਹਾਰ ਸਾਨੂੰ ਆਪਸੀ ਪਿਆਰ, ਸਦਭਾਵਨਾ, ਦਇਆ ਅਤੇ ਦੂਜਿਆਂ ਨੂੰ ਮੁਆਫ਼ ਕਰਨ ਦਾ ਸੁਨੇਹਾ ਦਿੰਦਾ : ਚੀਮਾ, ਅਰੋੜਾ

ਗੁਰਦਾਸਪੁਰ, 29 ਦਸੰਬਰ : ਪੰਜਾਬ ਸਰਕਾਰ ਵੱਲੋਂ ਅੱਜ ਦਾਣਾ ਮੰਡੀ ਗੁਰਦਾਸਪੁਰ ਵਿਖੇ ਕ੍ਰਿਸਮਸ ਦਿਹਾੜੇ ’ਤੇ ਸੂਬਾ ਪੱਧਰ ’ਤੇ ਸਮਾਗਮ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਈਸਾਈ ਭਾਈਚਾਰੇ ਨਾਲ ਇਸ ਪਵਿੱਤਰ ਦਿਹਾੜੇ ਦੀ ਖੁਸ਼ੀ ਸਾਂਝੀ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਸਮੁੱਚੇ ਸੂਬਾ ਵਾਸੀਆਂ ਨੂੰ ਕ੍ਰਿਸਮਸ ਦੀ ਮੁਬਾਰਕਬਾਦ ਦਿੱਤੀ।

ਇਸ ਮੌਕੇ ਅਪੋਸਟੋਲ ਡਾ. ਅੰਕੁਰ ਯੂਸਫ਼ ਨਰੂਲਾ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਸਮੁੱਚੀ ਮਾਨਵਤਾ ਨੂੰ ਜ਼ਿੰਦਗੀ ’ਚ ਜਿੰਨੀਆਂ ਵੀ ਔਕੜਾਂ ਆ ਜਾਣ ਬਾਵਜੂਦ ਸੱਚ ਉੱਤੇ ਪੂਰੀ ਦ੍ਰਿੜ੍ਹਤਾ ਤੇ ਲਗਨ ਨਾਲ ਚੱਲਣ ਦਾ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਾਨੂੰ ਆਪਸੀ ਪਿਆਰ, ਸਦਭਾਵਨਾ, ਦਇਆ ਅਤੇ ਦੂਜਿਆਂ ਨੂੰ ਮੁਆਫ਼ ਕਰਨ ਦਾ ਸੁਨੇਹਾ ਦਿੰਦਾ ਹੈ।

ਇਸ ਮੌਕੇ ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ ਸਮੂਹ ਈਸਾਈ ਭਾਈਚਾਰੇ ਨੂੰ ਕ੍ਰਿਸਮਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਸੀਹ ਭਾਈਚਾਰੇ ਦੀ ਮੰਗ ਪੂਰੀ ਕਰਦਿਆਂ ਪਰਮੇਸ਼ੁਰ ਦੀ ਕਿਰਪਾ ਨਾਲ ਅੱਜ ਗੁਰਦਾਸਪੁਰ ’ਚ ਸੂਬਾ ਪੱਧਰ ’ਤੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ ਹੈ ਅਤੇ ਅਗਲੇ ਸਾਲ ਵੀ ਪੰਜਾਬ ਸਰਕਾਰ ਵੱਲੋਂ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਵੇਗਾ।

ਇਸ ਮੌਕੇ ਬਟਾਲਾ ਦੇ ‘ਆਪ’ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਧਰਮ ਦਾ ਪੂਰਾ ਸਤਿਕਾਰ ਕਰਦੀ ਹੈ, ਜਿਸਦੇ ਚੱਲਦਿਆਂ ਅੱਜ ਇਹ ਪਾਵਨ ਤਿਉਹਾਰ ਮਨਾਇਆ ਗਿਆ ਹੈ। ਇਸ ਮੌਕੇ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਧਰਮ ਦਾ ਪੂਰਾ ਸਤਿਕਾਰ ਕਰਦੀ ਹੈ।

ਇਸ ਮੌਕੇ ਜਤਿੰਦਰ ਮਸੀਹ ਗੌਰਵ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ, ਡੈਨੀਅਲ ਭੱਟੀ, ਚੇਅਰਮੈਨ ਕ੍ਰਿਸਚੀਅਨ ਵੈੱਲਫੇਅਰ ਬੋਰਡ ਪੰਜਾਬ ਵੱਲੋਂ ਵੀ ਅੱਜ ਦੇ ਇਸ ਪਵਿੱਤਰ ਕ੍ਰਿਸਮਸ ਸਮਾਗਮ ਲਈ ਅਪੋਸਟੋਲ ਡਾ. ਅੰਕੁਰ ਯੂਸੁਫ਼ ਨਰੂਲਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਮਸੀਹ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਮੰਗਾਂ ਵੀ ਰੱਖੀਆਂ, ਜਿਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੱਲੋਂ ਕੀਤਾ ਗਿਆ।

ਇਸ ਮੌਕੇ ਜੋਬਨ ਰੰਧਾਵਾ ਚੇਅਰਮੈਨ ਜ਼ਿਲਾ ਪਲਾਨਿੰਗ ਕਮੇਟੀ ਗੁਰਦਾਸਪੁਰ ਅਤੇ ਜ਼ਿਲਾ ਪ੍ਰਧਾਨ ਵਲੋਂ ਸਮੂਹ ਈਸਾਈ ਭਾਈਚਾਰੇ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਇਸ ਮੌਕੇ ਗੁਰਦਾਸਪੁਰ, ਬਟਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ ਅਤੇ ਫਤਿਹਗੜ੍ਹ ਚੂੜੀਆਂ ’ਚ ਮਸੀਹ ਚੌਕ ਬਣਾਉਣ ਦਾ ਐਲਾਨ ਵੀ ਕੀਤਾ ਗਿਆ।

ਇਸ ਤੋਂ ਪਹਿਲਾਂ ਅਪੋਸਟੋਲ ਡਾ. ਅੰਕੁਰ ਯੂਸਫ ਯੂਸੁਫ਼ ਨਰੂਲਾ ਵਲੋਂ ਆਪਣੇ ਪ੍ਰਵਚਨਾਂ ਰਾਹੀਂ ਸਾਰਿਆਂ ਨੂੰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਇਸ ਮੌਕੇ ਵੱਡੇ ਦਿਨ ਦੀ ਖੁਸ਼ੀ ’ਚ ਕੇਕ ਵੀ ਕੱਟਿਆ ਤੇ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

Read More : ਮੰਤਰੀ ਮੰਡਲ ਵੱਲੋਂ ਪ੍ਰਬੰਧਕੀ ਢਾਂਚੇ ਦੇ ਸੁਧਾਰ, ਭੂਮੀ ਸੁਧਾਰਾਂ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਰਾਹਤ ਦੇਣ ਦੀ ਪ੍ਰਵਾਨਗੀ

Leave a Reply

Your email address will not be published. Required fields are marked *