ਚੰਡੀਗੜ੍ਹ ਪ੍ਰਸ਼ਾਸਨ ਨੇ 12 ਏਕੜ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਚਲਾਈ ਮੁਹਿੰਮ
ਚੰਡੀਗੜ੍ਹ, 19 ਜੂਨ : ਅੱਜ ਸਵੇਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 53-54 ਦੀ ਆਦਰਸ਼ ਕਾਲੋਨੀ ਵਿਚ ਨਾਜਾਇਜ਼ ਕਬਜ਼ੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਨੇ ਲਗਭਗ 12 ਏਕੜ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਪ੍ਰਸ਼ਾਸਨ ਦੀ ਟੀਮ ਸੈਕਟਰ 54 ਫਰਨੀਚਰ ਮਾਰਕੀਟ ਪਹੁੰਚੀ, ਜਿੱਥੇ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਜ਼ਿਆਦਾਤਰ ਲੋਕ ਪਹਿਲਾਂ ਹੀ ਆਪਣਾ ਸਮਾਨ ਚੁੱਕ ਕੇ ਲੈ ਗਏ ਸਨ ਕਿਉਂਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਖੁਦ ਹੀ ਆਪਣੇ ਸਮਾਨ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਪਿੱਛੇ ਕੀਤਾ।
ਇਸ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ ਵਿਚ ਪੁਲਿਸ, ਨਗਰ ਨਿਗਮ, ਇੰਜੀਨੀਅਰਿੰਗ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਮੁਹਿੰਮ ਦੀਆਂ ਸਾਰੀਆਂ ਜ਼ਰੂਰੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਵਿਚ ਐੱਸ. ਐੱਸ. ਪੀ. ਨੇ ਭਰੋਸਾ ਦਿੱਤਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਨਾਲ ਹੀ ਪੂਰੇ ਇਲਾਕੇ ਵਿਚ ਬੈਰੀਕੇਡਿੰਗ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਤੋਂ ਬਚਿਆ ਜਾ ਸਕੇ। ਜੇ. ਸੀ. ਬੀ. ਅਤੇ ਐਂਬੂਲੈਂਸ ਵੀ ਤਿਆਰ ਹਨ। ਇੰਜੀਨੀਅਰਿੰਗ ਵਿਭਾਗ ਨੇ ਕਿਹਾ ਕਿ ਜੇ. ਸੀ. ਬੀ., ਡੰਪਰ ਅਤੇ ਹੋਰ ਭਾਰੀ ਮਸ਼ੀਨਾਂ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।
ਸਿਹਤ ਵਿਭਾਗ ਨੇ ਕਿਹਾ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੇ ਨਾਲ 6 ਐਂਬੂਲੈਂਸਾਂ ਮੌਕੇ ‘ਤੇ ਤਾਇਨਾਤ ਰਹਿਣਗੀਆਂ ਤਾਂ ਜੋ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ। ਸਫ਼ਾਈ ਅਤੇ ਸਿਹਤ ਸੇਵਾਵਾਂ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
Read More : ਗੁਆਂਢੀ ਨੂੰ ਸੁਖਨਾ ਝੀਲ ਮਿਲਣ ਆਈ ਔਰਤ ਦੀ ਗਈ ਜਾਨ