ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਸਰਹੱਦ ਤੋਂ ਵੱਡੀ ਮਾਤਰਾ ਵਿਚ ਏ.ਕੇ.47, ਹੈਂਡ ਗ੍ਰਨੇਡ ਅਤੇ ਗੋਲਾ ਬਾਰੂਦ ਕੀਤਾ ਬਰਾਮਦ
ਗੁਰਦਾਸਪੁਰ, 9 ਜੁਲਾਈ : ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਭਾਰਤ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ ਅਤੇ ਖ਼ਾਲਿਸਤਾਨੀ ਸੰਗਠਨ ਬਾਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਨਾਲ ਜੁੜੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਗੁਰਦਾਸਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਵੱਡੀ ਮਾਤਰਾ ਵਿਚ ਏ.ਕੇ 47, ਹੈਂਡ ਗ੍ਰਨੇਡ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਸਾਜ਼ਿਸ਼ ਪਾਕਿਸਤਾਨ ਆਈ. ਐੱਸ. ਆਈ ਅਤੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਮਿਲ ਕੇ ਰਚੀ ਸੀ।
ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆ ਗੁਰਦਾਸਪੁਰ ਦੇ ਜੰਗਲਾਂ ਤੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ। ਜਿਨ੍ਹਾਂ ਵਿਚ 2 ਏਕੇ-47 ਰਾਈਫ਼ਲਾਂ, 16 ਜ਼ਿੰਦਾ ਕਾਰਤੂਸ, ਦੋ ਮੈਗਜ਼ੀਨ ਅਤੇ ਦੋ ਪੀ-86 ਹੈਂਡ ਗ੍ਰਨੇਡ ਸ਼ਾਮਲ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਪਾਕਿਸਤਾਨੀ ਏਜੰਸੀਆਂ ਅਤੇ ਰਿੰਦਾ ਵੱਲੋਂ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਦੇ ਇਰਾਦੇ ਨਾਲ ਭੇਜੇ ਗਏ ਸਨ। ਇਹ ਪੁਲਿਸ ਕਾਰਵਾਈ ਇੱਕ ਵੱਡੇ ਹਮਲੇ ਨੂੰ ਟਾਲਣ ਵਿਚ ਸਫ਼ਲ ਰਹੀ ਹੈ।
ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣਾ ਖੇਤਰ ਦੇ ਜੰਗਲਾਂ ਤੋਂ ਬਰਾਮਦ ਕੀਤੇ ਹਥਿਆਰਾਂ ਦੀ ਇਸ ਖੇਪ ਸਬੰਧੀ ਪੁਲਿਸ ਨੇ ਵਿਸਫੋਟਕ ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਹੋਰ ਜਾਂਚ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਲੋਕਾਂ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜੋ ਰਿੰਦਾ ਨਾਲ ਮਿਲ ਕੇ ਪੰਜਾਬ ਵਿਚ ਇਸ ਖੇਪ ਰਾਹੀਂ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।
Read More : 21 ਤੋਂ ਵਰਦੀ ’ਚ ਦਿਖਾਈ ਦੇਣਗੇ ਪ੍ਰਿੰਸੀਪਲ ਅਤੇ ਅਧਿਆਪਕ