Indian student

ਈਰਾਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ ਦਿੱਲੀ

ਭਾਰਤ ਨੇ ‘ਆਪ੍ਰੇਸ਼ਨ ਸਿੰਧੂ’ ਤਹਿਤ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਕੀਤੀ ਸ਼ੁਰੂ

ਨਵੀਂ ਦਿੱਲੀ, 21 ਜੂਨ : ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਵਿਚਕਾਰ ਭਾਰਤ ਨੇ ‘ਆਪ੍ਰੇਸ਼ਨ ਸਿੰਧੂ’ ਸ਼ੁਰੂ ਕਰ ਕੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਈਰਾਨ ਦੇ ਮਸ਼ਹਦ ਤੋਂ ਪਹਿਲੀ ਚਾਰਟਰਡ ਉਡਾਣ ਸ਼ੁੱਕਰਵਾਰ ਰਾਤ ਲਗਭਗ 11:40 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰੀ। ਇਹ ਉਡਾਣ ਈਰਾਨ ’ਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਸੀ।

ਭਾਰਤ ਸਰਕਾਰ ਮਸ਼ਹਦ ਤੋਂ ਕੁੱਲ 1,000 ਭਾਰਤੀਆਂ ਨੂੰ ਪੜਾਅਵਾਰ ਵਾਪਸ ਲਿਆ ਰਹੀ ਹੈ। ਇਸ ਬਚਾਅ ਕਾਰਜ ਲਈ ਈਰਾਨ ਦੀ ਮਹਾਨ ਏਅਰ ਦੀਆਂ ਚਾਰਟਰਡ ਉਡਾਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਈਰਾਨ ’ਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ਼ ਮੁਹੰਮਦ ਜਵਾਦ ਹੁਸੈਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਭਾਰਤੀਆਂ ਨਾਲ ਆਪਣੇ ਲੋਕਾਂ ਵਾਂਗ ਵਿਵਹਾਰ ਕਰਦੇ ਹਾਂ। ਈਰਾਨ ਦਾ ਹਵਾਈ ਖੇਤਰ ਬੰਦ ਹੈ ਪਰ ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਇਸਨੂੰ ਅਸਥਾਈ ਤੌਰ ’ਤੇ ਖੋਲ੍ਹਣ ਦਾ ਪ੍ਰਬੰਧ ਕਰ ਰਹੇ ਹਾਂ।

ਈਰਾਨੀ ਅਧਿਕਾਰੀ ਨੇ ਕਿਹਾ ਕਿ ਪਹਿਲੀ ਉਡਾਣ ਸ਼ੁੱਕਰਵਾਰ ਰਾਤ ਨੂੰ ਦਿੱਲੀ ਪਹੁੰਚੀ ਅਤੇ ਸ਼ਨੀਵਾਰ ਨੂੰ ਦੋ ਹੋਰ ਉਡਾਣਾਂ ਭਾਰਤ ਲਈ ਰਵਾਨਾ ਹੋਣਗੀਆਂ। ਦੂਜੀ ਉਡਾਣ ਸ਼ਨੀਵਾਰ ਸਵੇਰੇ ਅਸ਼ਗਾਬਤ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 10 ਵਜੇ ਦੇ ਕਰੀਬ ਦਿੱਲੀ ਪਹੁੰਚੇਗੀ, ਜਦੋਂ ਕਿ ਤੀਜੀ ਉਡਾਣ ਸ਼ਨੀਵਾਰ ਸ਼ਾਮ ਨੂੰ ਭਾਰਤ ਪਹੁੰਚੇਗੀ।

ਈਰਾਨ ਅਤੇ ਇਜ਼ਰਾਈਲ ਵਿਚਕਾਰ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਅਜਿਹੀ ਸਥਿਤੀ ’ਚ ਭਾਰਤ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ, ਤਾਂ ਜੋ ਨਾ ਸਿਰਫ਼ ਵਿਦਿਆਰਥੀਆਂ ਨੂੰ ਸਗੋਂ ਹੋਰ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸਰਕਾਰ ਹਰ ਨਾਗਰਿਕ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ ਅਤੇ ਸੰਕਟ ਦੀ ਇਸ ਘੜੀ ’ਚ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

Read More : ਦਿਨ-ਦਿਹਾੜੇ ਘਰ ’ਚ ਔਰਤ ਦਾ ਕਤਲ

Leave a Reply

Your email address will not be published. Required fields are marked *