4 ਮੋਬਾਈਲ ਫੋਨ ਬਰਾਮਦ
ਪਟਿਆਲਾ, 30 ਜੁਲਾਈ : ਪਟਿਆਲਾ ਪੁਲਸ ਨੇ ਦੇਸ਼ ਦੀ ਸੀਕ੍ਰੇਸੀ ਨੂੰ ਆਊਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਥਾਣਾ ਭਾਦਸੋਂ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਹਾਂਡਾ ਦੀ ਟੀਮ ਨੇ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਫਰੀਦਪੁਰ ਤਹਿਸੀਲ ਨਾਭਾ ਜ਼ਿਲਾ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 4 ਮੋਬਾਈਲ ਫੋਨ ਬਰਾਮਦ ਕੀਤੇ ਹਨ। ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਦੇ ਭਾਰਤ ’ਚ ਰਹਿ ਕੇ ਦੇਸ਼ ਦੀ ਮਿਲਟਰੀ ਦੀਆਂ ਗਤੀਵਿਧੀਆਂ ਅਤੇ ਭਾਰਤ ਖਿਲਾਫ ਪਾਕਿਸਤਾਨ ’ਚ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਪੰਜਾਬੀ ਕੁੜੀ ਨਾਂ ਦੀ ਫੇਸਬੁੱਕ ਆਈ. ਡੀ. ਉਸ ਨਾਲ ਗੱਲ ਕਰਦਾ ਸੀ। ਪੰਜਾਬੀ ਕੁੜੀ ਦੀ ਫੇਸਬੁੱਕ ਪ੍ਰੋਫਾਈਲ ’ਚ ਲਿਵ ਇਨ ਕਰਾਚੀ ਪਾਕਿਸਤਾਨ ਲਿਖਿਆ ਹੋਇਆ ਸੀ। ਗੁਰਪ੍ਰੀਤ ਸਿੰਘ ਨੇ ਇਸ ਦੇ ਕਹਿਣ ’ਤੇ ਬੀ. ਐੱਸ. ਐੱਨ. ਐੱਨ. ਕੰਪਨੀ ਦਾ ਸਿਮ ਦਸੰਬਰ 2024 ਵਿਚ ਜਾਰੀ ਕਰ ਕੇ ਉਸ ਦਾ ਵਾਟਸਐਪ ਦਾ ਐਕਟੀਵੇਸ਼ਨ ਕੋਡ ਉਸ ਕੁੜੀ, ਜਿਹੜੀ ਪਾਕਿਸਤਾਨ ’ਚ ਰਹਿੰਦੀ ਹੈ, ਨੂੰ ਦੇ ਦਿੱਤਾ। ਹੁਣ ਇਸ ਵਾਟਰਐਪ ਨੰਬਰ ’ਤੇ ਪਾਕਿਸਤਾਨ ਬੈਠੀ ਕੁੜੀ ਜਾਂ ਵਿਅਕਤੀ ਨਾਲ ਉਸ ਨੰਬਰ ਨੂੰ ਚਲਾ ਰਿਹਾ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਹੁਣ ਵੀ ਗੁਰਪ੍ਰੀਤ ਸਿੰਘ ਵੱਖ-ਵੱਖ ਐਪਾਂ ਰਾਹੀਂ ਉਸ ਨਾਲ ਗੱਲਬਾਤ ਕਰਦਾ ਸੀ। ਉਕਤ ਵਿਅਕਤੀ ਸੈਂਟਰਲ ਏਜੰਸੀਆਂ ’ਤੇ ਰਡਾਰ ’ਤੇ ਵੀ ਸੀ। ਇਹ ਵਿਅਕਤੀ ਸਿਮ ਕਾਰਡ, ਟੈਲੀਕਾਮ ਡਿਵਾਈਸ, ਸੀਕ੍ਰੇਟ ਤੇ ਸੈਂਸੀਟਿਵ ਮਿਲਟਰੀ ਦੀਆਂ ਜਾਣਕਾਰੀਆਂ ਪਾਕਿਸਤਾਨ ਭੇਜਦਾ ਸੀ।
ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਭਾਦਸੋਂ ਦੀ ਪੁਲਸ ਟੀਮ ਨੇ ਸਖਤ ਮਿਹਨਤ ਅਤੇ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਉਸ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਅਤੇ ਥਾਣਾ ਭਾਦਸੋਂ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਹਾਂਡਾ ਵੀ ਹਾਜ਼ਰ ਸਨ।
Read More : ਕਾਮਚਟਕਾ ਵਿਚ 8.8 ਤੀਬਰਤਾ ਦਾ ਆਇਆ ਭੂਚਾਲ