ਪ੍ਰਬੰਧਕਾਂ ਨੇ ਗਲਿਆਰਾ ਚੌਕੀ ਦੀ ਸਹਾਇਤਾ ਨਾਲ ਪਿੰਗਲਵਾੜਾ ਵਿਖੇ ਭੇਜਿਆ ਬੱਚਾ
ਅੰਮ੍ਰਿਤਸਰ, 6 ਜੁਲਾਈ :-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਸਮੇਂ ਅਫਰਾ ਦਫਰੀ ਮਚ ਗਈ ਜਦੋਂ ਇਕ ਕਲਯੁੱਗੀ ਮਾਤਾ ਪਿਤਾ ਆਪਣਾ ਬੱਚਾ 12 ਮਿੰਟ ਦੇ ਅੰਦਰ ਹੀ ਛੱਡ ਕੇ ਬਿਨਾਂ ਮੱਥਾ ਟੇਕਿਆ ਹੀ ਉਥੋਂ ਵਾਪਸ ਚਲੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਅੌਰਤ ਅਤੇ ਇਕ ਆਦਮੀ ਜਿਨ੍ਹਾਂ ਕੋਲ ਇਕ ਹੋਰ ਛੋਟਾ ਬੱਚਾ ਗੋਦੀ ਵਿਚ ਚੁੱਕਿਆ ਹੋਇਆ ਸੀ। ਐਤਵਾਰ ਬਾਅਦ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਪਰ ਦਰਸ਼ਨ ਕੀਤੇ ਬਗੈਰ ਹੀ ਉੱਥੇ ਆਪਣਾ ਦੂਸਰਾ 7 ਸਾਲ ਦੇ ਕਰੀਬ ਦਾ ਬੱਚਾ ਛੱਡ ਕੇ ਕੁਝ ਹੀ ਮਿੰਟਾਂ ਵਿਚ ਉਥੋਂ ਵਾਪਸ ਪਰਤ ਗਏ।
ਇਸ ਸਬੰਧੀ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਬੱਚਾ ਛੱਡ ਕੇ ਬਿਨਾਂ ਮੱਥਾ ਟੇਕਿਆਂ ਅਤੇ ਬਿਨਾਂ ਹੀ ਪਰਿਕਰਮਾ ਕੀਤੀਆਂ ਵਾਪਸ ਭੱਜ ਗਏ ਹਨ, ਜਿਨ੍ਹਾਂ ਨੂੰ ਬੱਚਾ ਬਰਾਮਦ ਕਰਨ ਤੋਂ ਬਾਅਦ ਸੀ. ਸੀ. ਟੀ. ਵੀ. ਵਿਚ ਦੇਖਿਆ ਗਿਆ ਹੈ।
ਉਨ੍ਹਾਂ ਆਖਿਆ ਕਿ ਪਰਿਵਾਰ ਦੀ ਹਾਲੇ ਤੱਕ ਭਾਲ ਨਹੀਂ ਹੋ ਸਕੀ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹ ਬੱਚਾ ਗਲਿਆਰਾ ਚੌਕੀ ਦੀ ਸਹਾਇਤਾ ਨਾਲ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ।
Read More : ਟਿੱਪਰ ਨਾਲ ਟਕਰਾਈ ਟੂਰਿਸਟ ਬੱਸ , 1 ਦੀ ਮੌਤ