Sidhu Moosewala

ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਸਬੰਧੀ ਅਗਲੀ ਸੁਣਵਾਈ 23 ਨੂੰ

ਬੀ. ਬੀ. ਸੀ. ਨੇ ਅਰਜੀ ਲਗਾ ਕੇ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੀਤੇ ਦਾਅਵੇ ਨੂੰ ਅਯੋਗ ਦੱਸਿਆ

ਮਾਨਸਾ, 16 ਜੂਨ :- ਸਿੱਧੂ ਮੂਸੇਵਾਲਾ ’ਤੇ ਬੀ. ਬੀ. ਸੀ. ਵਲੋਂ ਬਣਾਈ ਗਈ ਦਸਤਾਵੇਜ਼ੀ ‘ਦਾ ਕਿਲਿੰਗ ਕਾਲ’ ’ਤੇ ਮੂਸੇਵਾਲਾ ਦੇ ਪਰਿਵਾਰ ਵੱਲੋਂ ਅਦਾਲਤ ਵਿਚ ਚੁਣੌਤੀ ਦੇਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿਚ ਬੀ. ਬੀ. ਸੀ. ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੀਤੇ ਦਾਅਵੇ ਨੂੰ ਅਯੋਗ ਦੱਸਿਆ ਗਿਆ ਹੈ।

ਬੀ. ਬੀ. ਸੀ. ਵੱਲੋਂ ਐਡਵੋਕੇਟ ਬਲਵੰਤ ਸਿੰਘ ਭਾਟੀਆ ਪੇਸ਼ ਹੋਏ, ਜਿਨ੍ਹਾਂ ਨੇ ਮਾਨਸਾ ਦੀ ਅਦਾਲਤ ਵਿਚ ਇਕ ਅਰਜੀ ਲਗਾ ਕੇ ਮੂਸੇਵਾਲਾ ’ਤੇ ਬਣੀ ਦਸਤਾਵੇਜ਼ੀ ਅਤੇ ਪਰਿਵਾਰ ਵੱਲੋਂ ਪ੍ਰਗਟਾਏ ਇਤਰਾਜ ਨੂੰ ਸਹੀ ਨਾ ਦੱਸਦਿਆਂ ਕਿਹਾ ਗਿਆ ਕਿ ਇਨ੍ਹਾਂ ਦਾ ਦਾਅਵਾ ਕਿਸੇ ਵੀ ਤਰ੍ਹਾਂ ਯੋਗ ਨਹੀਂ ਹੈ। ਇਸ ’ਤੇ ਅਦਾਲਤ ਨੇ 23 ਜੂਨ ਦੀ ਅਗਲੀ ਸੁਣਵਾਈ ਰੱਖੀ ਹੈ।

ਉਧਰ ਮੂਸੇਵਾਲਾ ਪੱਖ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਹੈ ਕਿ ਬੀ. ਬੀ. ਸੀ. ਵੱਲੋਂ ਅਦਾਲਤ ਵਿਚ ਅਰਜੀ ਲਗਾ ਕੇ ਉਨ੍ਹਾਂ ਦੇ ਇਤਰਾਜ ਅਤੇ ਦਾਅਵੇ ਨੂੰ ਸਹੀ ਨਾ ਹੋਣਾ ਦੱਸਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਕਿ ਮੂਸੇਵਾਲਾ ਪਰਿਵਾਰ ਵੱਲੋਂ ਪ੍ਰਗਟਾਇਆ ਇਤਰਾਜ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਵਕੀਲ ਮਿੱਤਲ ਨੇ ਕਿਹਾ ਕਿ ਉਹ ਮਾਣਯੋਗ ਅਦਾਲਤ ਵਿਚ ਅਗਲੀ ਤਾਰੀਖ ’ਤੇ ਇਸ ਦਾ ਜਵਾਬ ਦਾਖਲ ਕਰਨਗੇ।

ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਣੀ ਦਸਤਾਵੇਜ਼ੀ ਉਪਰੰਤ ਮੂਸੇਵਾਲਾ ਪਰਿਵਾਰ ਅਤੇ ਬੀ. ਬੀ. ਸੀ. ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਣਯੋਗ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਇਸ ਫਿਲਮ ਦੇ ਰਿਲੀਜ਼ ਨਾ ਹੋਣ ਦੀ ਮੰਗ ਕੀਤੀ ਸੀ ਅਤੇ ਬੀ. ਬੀ. ਸੀ. ਵੱਲੋਂ ਇਸ ਦਸਤਾਵੇਜ਼ੀ ਨੂੰ 11 ਜੂਨ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਹੀ ਰਿਲੀਜ਼ ਕਰ ਦਿੱਤਾ ਗਿਆ ਸੀ।

Read More : ਜਲੰਧਰ ਦੇ ਕਾਰੋਬਾਰੀ ਦੀ ਨੂੰਹ ਦੀ ਦਰਿਆ ’ਚੋਂ ਮਿਲੀ ਲਾਸ਼

Leave a Reply

Your email address will not be published. Required fields are marked *