ਇਕ ਭਰਾ ਨਗਰ ਸੁਧਾਰ ਟਰੱਸਟ ’ਚ ਅਕਾਊਂਟੈਂਟ ਸੀ, ਦੂਜੇ ਦੇ ਦੋਵੇਂ ਗੁਰਦੇ ਹੋ ਗਏ ਸਨ ਫੇਲ੍ਹ
ਬਠਿੰਡਾ, 8 ਜੁਲਾਈ : ਸ਼ਹਿਰ ਦੇ ਜੁਝਾਰ ਸਿੰਘ ਨਗਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਲੇਨ ਨੰਬਰ 7 ਵਿਚ ਸਥਿਤ ਇਕ ਘਰ ਵਿਚ ਦੋ ਭਰਾਵਾਂ ਦੀ ਰਹੱਸਮਈ ਹਲਾਤਾਂ ਵਿਚ ਮੌਤ ਹੋ ਗਈ। ਇਕ ਭਰਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਜਦੋਂ ਕਿ ਦੂਜੇ ਦੀ ਲਾਸ਼ ਬਿਸਤਰੇ ’ਤੇ ਪਈ ਮਿਲੀ।
ਸਹਾਰਾ ਜਨ ਸੇਵਾ ਟੀਮ ਨੇ ਸੂਚਨਾ ਮਿਲਣ ਤੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ ਲਾਸ਼ਾਂ ਦੋ ਦਿਨ ਪੁਰਾਣੀਆਂ ਸਨ। ਇਸ ਲਈ ਉਹ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ ਅਤੇ ਬਦਬੂ ਮਾਰ ਰਹੀਆਂ ਸਨ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਡੀ. ਐੱਸ. ਪੀ. ਸਿਟੀ 2 ਸਰਬਜੀਤ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਮ੍ਰਿਤਕਾਂ ਦੀ ਪਛਾਣ ਨਗਰ ਸੁਧਾਰ ਟਰੱਸਟ ’ਚ ਕੰਮ ਕਰਨ ਵਾਲੇ (40) ਸਾਲਾ ਅਕਾਊਂਟੈਂਟ ਰਮਨ ਕੁਮਾਰ ਮਿੱਤਲ ਅਤੇ ਉਨ੍ਹਾਂ ਦੇ ਛੋਟੇ ਭਰਾ (35) ਸਾਲਾ ਅਜੈ ਮਿੱਤਲ ਵਜੋਂ ਹੋਈ ਹੈ। ਮੁੱਢਲੀ ਜਾਂਚ ਅਨੁਸਾਰ ਅਜੈ ਮਿੱਤਲ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਨ੍ਹਾਂ ਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਸਨ। ਇਸ ਕਾਰਨ ਘਰ ਦੀ ਵਿੱਤੀ ਹਾਲਤ ਵੀ ਬਹੁਤ ਖਰਾਬ ਸੀ।
ਪਰਿਵਾਰ ਦੇ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ ਦੋਵਾਂ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਘਰੇਲੂ ਝਗੜੇ ਕਾਰਨ ਰਮਨ ਕੁਮਾਰ ਆਪਣੀ ਪਤਨੀ ਤੋਂ ਵੱਖ ਹੋ ਗਿਆ ਸੀ। ਦੋਵੇਂ ਭਰਾ ਜੱਦੀ ਘਰ ’ਚ ਇਕੱਲੇ ਰਹਿੰਦੇ ਸਨ।
ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ਨੀਵਾਰ ਅਤੇ ਐਤਵਾਰ ਨੂੰ ਘਰ ’ਚ ਕੰਮ ਕਰਨ ਵਾਲੀ ਨੌਕਰਾਣੀ ਦੇਵੀ ਘਰ ਦਾ ਦਰਵਾਜ਼ਾ ਬੰਦ ਦੇਖ ਕੇ ਵਾਪਸ ਆਈ। ਸੋਮਵਾਰ ਨੂੰ ਜਦੋਂ ਉਸਨੇ ਵਾਰ-ਵਾਰ ਦਰਵਾਜ਼ਾ ਖੜਕਾਇਆ ਅਤੇ ਕਿਸੇ ਨੇ ਫੋਨ ਨਹੀਂ ਚੁੱਕਿਆ ਗਿਆ ਤਾਂ ਉਸਨੇ ਗੁਆਂਢੀਆਂ ਨੂੰ ਸੂਚਿਤ ਕੀਤਾ।
ਜਦੋਂ ਸਾਥੀ ਨਗਰ ਸੁਧਾਰ ਟਰੱਸਟ ਦਫਤਰ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਰਮਨ ਕੁਮਾਰ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਪਾਇਆ ਗਿਆ। ਦਰਵਾਜ਼ਾ ਤੋੜਨ ’ਤੇ ਇਕ ਭਰਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਜਦੋਂ ਕਿ ਦੂਜੇ ਭਰਾ ਦੀ ਲਾਸ਼ ਬਿਸਤਰੇ ’ਤੇ ਪਈ ਸੀ।
ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ ਪਰ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਪਹਿਲਾਂ ਇਕ ਭਰਾ ਦਾ ਕਤਲ ਕੀਤਾ ਗਿਆ ਸੀ ਅਤੇ ਬਾਅਦ ’ਚ ਦੂਜੇ ਨੇ ਖੁਦਕੁਸ਼ੀ ਕੀਤੀ। ਉਨ੍ਹਾਂ ਕਿਹਾ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
Read More : ਸਰਨਾ ਅਤੇ ਜੀ. ਕੇ. ਦੇਣ ਅਸਤੀਫ਼ੇ, ਇਕ ਮਿੰਟ ’ਚ ਪ੍ਰਵਾਨ ਕਰਾਂਗੇ : ਕਾਲਕਾ, ਕਾਹਲੋਂ