ਅੰਮ੍ਰਿਤਸਰ, 4 ਫਰਵਰੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ‘ਖਜ਼ਾਨਾ’ ਦੇ ਨਾਂ ’ਤੇ ਮੋਹਰ ਲੱਗੇ ਨੋਟ ਵੰਡਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਨ੍ਹਾਂ ਇਸ ਨੂੰ ਗੁਰਮਤਿ ਵਿਰੋਧੀ ਕਾਰਵਾਈ ਦੱਸਦਿਆਂ ਮੈਨੇਜਰ ਜਤਿੰਦਰਪਾਲ ਸਿੰਘ ਕੋਲੋਂ ਪੂਰੀ ਰਿਪੋਰਟ ਮੰਗੀ ਹੈ। ਇਸ ਮਾਮਲੇ ਦੀ ਸਮੀਖਿਆ ਦੌਰਾਨ ਸਾਹਮਣੇ ਆਇਆ ਕਿ ਕੁਝ ਬਾਹਰੀ ਵਿਅਕਤੀ ‘ਸੇਵਕ ਜਥਾ ਇਸ਼ਨਾਨ’ ਦੇ ਨਾਂ ਹੇਠ ਅਜਿਹੀ ਮਨਮਤ ਫੈਲਾ ਰਹੇ ਸਨ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਦਇਆ ਸਿੰਘ ਨੇ ਸਪੱਸ਼ਟ ਕੀਤਾ ਕਿ ਗੁਰੂ ਘਰ ਵੱਲੋਂ ਕੋਈ ਖਜ਼ਾਨਾ ਨਹੀਂ ਵੰਡਿਆ ਜਾਂਦਾ ਅਤੇ ਕੁਝ ਲੋਕ ਨਿੱਜੀ ਮੁਫ਼ਾਦ ਲਈ ਅਫ਼ਵਾਹਾਂ ਫੈਲਾ ਰਹੇ ਹਨ। ਜਥੇਦਾਰ ਨੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਮੈਨੇਜਰ ਅਨੁਸਾਰ ਇਹ ਵਰਤਾਰਾ ਨੇੜਲੇ ਲਛਮਣਸਰ ਚੌਕ ਤੋਂ ਸ਼ੁਰੂ ਹੋ ਕੇ ਮੁੱਖ ਅਸਥਾਨ ਤੱਕ ਪਹੁੰਚਿਆ ਹੈ। ਪੁਲਸ ਅਤੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਕ ਹਾਂਪੱਖੀ ਪਹੁੰਚ ਅਪਣਾਉਂਦੇ ਹੋਏ ਸ਼ਰਧਾਲੂਆਂ ਨੂੰ ਅਜਿਹੀਆਂ ਗੁੰਮਰਾਹਕੁੰਨ ਕਾਰਵਾਈਆਂ ਤੋਂ ਬਚਾਉਣ।
Read More : ਗੈਂਗਸਟਰ ਅਪਰਾਧ ਦਾ ਰਾਹ ਛੱਡਣ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ : ਭਗਵੰਤ ਮਾਨ
