ਮੀਟਿੰਗ ਹਾਲ ਸਮੇਤ ਸਾਰੇ ਦਫਤਰਾਂ ਨੂੰ ਲਗਾ ਦਿੱਤੇ ਤਾਲੇ
ਸ੍ਰੀ ਅਨੰਦਪੁਰ ਸਾਹਿਬ, 14 ਅਗਸਤ : ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹਾਲ ਹੀ ਵਿਚ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਪਰ ਉਨ੍ਹਾਂ ਅਤੇ ਸਾਥੀਆਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਸਥਾਨਕ ਪ੍ਰਬੰਧਕਾਂ ਵੱਲੋਂ ਮੀਟਿੰਗ ਹਾਲ ਸਮੇਤ ਸਾਰੇ ਦਫਤਰਾਂ ਨੂੰ ਤਾਲੇ ਲਗਾ ਦਿੱਤੇ ਗਏ।
ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕਈ ਪ੍ਰਮੁੱਖ ਆਗੂ ਅਤੇ ਸਹਿਯੋਗੀ ਮੌਜੂਦ ਸਨ ਪਰ ਸ਼੍ਰੋਮਣੀ ਕਮੇਟੀ ਦੇ ਗਲਿਆਰੇ ਵਿਚ ਉਨ੍ਹਾਂ ਨੂੰ ਬੈਠਣ ਲਈ ਕੋਈ ਜਗ੍ਹਾ ਮੁਹੱਈਆ ਨਹੀਂ ਕਰਵਾਈ ਗਈ। ਇਸ ਘਟਨਾ ਕਾਰਨ ਉਨ੍ਹਾਂ ਦੇ ਸਾਥੀ ਕਾਫ਼ੀ ਨਾਰਾਜ਼ ਨਜ਼ਰ ਆਏ ਅਤੇ ਅੰਦਰੂਨੀ ਤੌਰ ”ਤੇ ਇਸਨੂੰ ਇਕ ਅਸਧਾਰਣ ਤੇ ਅਣਚਾਹੀ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ।
ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ’ਤੇ ਸ਼ਾਂਤ ਰਵੱਈਆ ਰੱਖਦਿਆਂ ਕਿਹਾ, ਵਾਹਿਗੁਰੂ ਇਨ੍ਹਾਂ ਦਾ ਵੀ ਭਲਾ ਕਰੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਭੁਪਿੰਦਰ ਸਿੰਘ ਬਜਰੂੜ, ਸੁਰਜੀਤ ਸਿੰਘ ਚੈਹੜਮਜਾਰਾ ਆਦਿ ਨੇ ਸ਼੍ਰੋਮਣੀ ਕਮੇਟੀ ਦੇ ਇਸ ਰਵੱਈਏ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੁਰਦੁਆਰੇ ਸਿਰਫ ਅਕਾਲੀ ਦਲ ਬਾਦਲ ਦੀ ਨਿੱਜੀ ਜਾਇਦਾਦ ਨਹੀਂ ਹੈ ਸਗੋਂ ਹਰੇਕ ਸਿੱਖ ਦਾ ਹਰੇਕ ਗੁਰਦੁਆਰੇ ਉੱਪਰ ਆਪਣਾ-ਆਪਣਾ ਪੂਰਾ ਹੱਕ ਹੈ।
ਇਸ ਸਬੰਧੀ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ।
ਇਹ ਘਟਨਾ ਸ਼੍ਰੋਮਣੀ ਕਮੇਟੀ ਦੇ ਅੰਦਰਲੇ ਮਾਹੌਲ ਅਤੇ ਵੱਖ-ਵੱਖ ਧੜਿਆਂ ਵਿਚਕਾਰ ਪੈਦਾ ਹੋ ਰਹੀਆਂ ਤਣਾਓਪੂਰਨ ਸਥਿਤੀਆਂ ਨੂੰ ਦਰਸਾਉਂਦੀ ਹੈ। ਅਕਾਲੀ ਦਲ ਦੀ ਅਗਵਾਈ ਸੰਭਾਲਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਖ-ਵੱਖ ਤਖਤ ਸਾਹਿਬਾਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਜਾਰੀ ਹਨ, ਜਿਸ ਦੌਰਾਨ ਉਹ ਸੰਗਤਾਂ ਨਾਲ ਸੰਪਰਕ ਵੀ ਬਣਾ ਰਹੇ ਹਨ ਪਰ ਅੱਜ ਦੀ ਇਹ ਘਟਨਾ ਸਿੱਖ ਰਾਜਨੀਤੀ ਅਤੇ ਧਾਰਮਿਕ ਪ੍ਰਬੰਧਕੀ ਮੰਡਲਾਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਸੰਗਤਾਂ ਵਿਚ ਇਸ ਘਟਨਾ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਹੈ। ਕੁਝ ਇਸ ਨੂੰ ਨਿੱਜੀ ਰਾਜਨੀਤਿਕ ਮਨਮੁਟਾਅ ਦਾ ਨਤੀਜਾ ਮੰਨ ਰਹੇ ਹਨ, ਜਦ ਕਿ ਹੋਰਾਂ ਦੇ ਅਨੁਸਾਰ ਗੁਰੂ ਘਰ ਵਿਚ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ।