Patiala Police

ਠੱਗ ਗਿਰੋਹ ਦਾ ਸਰਗਣਾ ਗ੍ਰਿਫਤਾਰ

  • ਜਾਅਲੀ ਜ਼ਮਾਨਤ ਬਾਂਡ ਤੇ ਫ਼ਰਜ਼ੀ ਦਸਤਾਵੇਜ ਤਿਆਰ ਕਰਨ ਵਾਲੇ ਗਿਰੋਹ ਦਾ ਵੀ ਕਿੰਗਪਿੰਨ ਹੈ ਮੁਲਜ਼ਮ

ਪਟਿਆਲਾ, 9 ਜੁਲਾਈ :- ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਕ ਅਜਿਹੇ ਗਿਰੋਹ ਨੂੰ ਬੇਨਕਾਬ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜੋ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਦੇ ਪੁਰਾਣ ਮੋਬਾਈਲ ਨੰਬਰ ਨੂੰ ਵਰਤ ਕੇ ਡਿਪਟੀ ਸੀ. ਐੱਮ. ਦਾ ਕਰੀਬੀ ਹੋਣ ਦਾ ਭੁਲੇਖਾ ਪਾ ਕੇ ਆਪਣਾ ਦਬਦਬਾ ਬਣਾ ਰਿਹਾ ਸੀ। ਇਸ ਗਿਰੋਹ ਦਾ ਮੁੱਖ ਸਰਗਣਾ ਜਾਅਲੀ ਜ਼ਮਾਨਤੀ ਬਾਂਡ ਅਤੇ ਫ਼ਰਜ਼ੀ ਦਸਤਾਵੇਜ ਤਿਆਰ ਕਰਨ ਵਾਲੇ ਗਿਰੋਹ ਦਾ ਵੀ ਕਿੰਗਪਿੰਨ ਰਿਹਾ ਹੈ।

ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਥਾਣਾ ਲਾਹੌਰੀ ਗੇਟ ਵਿਖੇ ਮਿਤੀ 19 ਜੂਨ 2025 ਨੂੰ ਇਕ ਮਾਮਲਾ ਦਰਜ ਕਰ ਕੇ ਠੱਗਾਂ ਦੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ, ਜੋ ਕਿ ਜਾਅਲੀ ਜਮਾਨਤੀ ਬਾਂਡ ਅਤੇ ਫ਼ਰਜ਼ੀ ਦਸਤਾਵੇਜ ਤਿਆਰ ਕਰ ਕੇ ਵੱਖ-ਵੱਖ ਅਦਾਲਤਾਂ ’ਚ ਆਦੀ ਦੋਸ਼ੀਆਂ ਦੀਆਂ ਜ਼ਮਾਨਤਾਂ ਕਰਵਾਉਣ ਦਾ ਕਾਲਾ ਧੰਦਾ ਕਰਦਾ ਸੀ। ਇਸ ਗਿਰੋਹ ਦੇ ਸਰਗਣੇ ਜੈ ਕਿਸ਼ਨ ਭਾਰਦਵਾਜ ਪੁੱਤਰ ਲੇਟ ਜੱਗਾ ਰਾਮ ਵਾਸੀ ਸੰਤੋਸ਼ ਕਾਲੋਨੀ ਧਾਰੂਹੇੜਾ ਜ਼ਿਲਾ ਰਿਵਾੜੀ ਹਰਿਆਣਾ ਨੂੰ ਜਦੋਂ ਗ੍ਰਿਫ਼ਤਾਰ ਕਰ ਕੇ ਉਸ ਦੇ 5 ਫੋਨ ਜ਼ਬਤ ਕੀਤੇ ਗਏ ਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਹੋਰ ਵੀ ਵੱਡੇ ਠੱਗ ਹੋਣ ਦੇ ਸਬੂਤ ਪੁਲਸ ਦੇ ਹੱਥ ਲੱਗੇ।

ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਵਿਅਕਤੀ ਨੇ ਵੋਡਾਫੋਨ ਕੰਪਨੀ ਦਾ ਇਕ ਅਜਿਹਾ ਨੰਬਰ 8447808080 ਆਪਣੇ ਸਰੋਤਾਂ ਰਾਹੀਂ ਹਾਸਲ ਕੀਤਾ, ਜਿਸ ਨੂੰ ਕਿ ਕਿਸੇ ਸਮੇਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਵਰਤਿਆ ਜਾਂਦਾ ਰਿਹਾ ਸੀ। ਜਦੋਂ ਉਨ੍ਹਾਂ ਨੇ ਇਸ ਕੋਲੋਂ ਬਰਾਮਦ ਹੋਏ ਨੰਬਰਾਂ ਦੀ ਫੋਰੈਂਸਿਕ ਜਾਂਚ ਕਰਵਾਈ ਤਾਂ ਕਾਫ਼ੀ ਖੁਲਾਸੇ ਹੋਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਫੋਨ ਨੰਬਰ ਨੂੰ ਜੈ ਕਿਸ਼ਨ ਨੇ ਆਪਣੇ ਆਪ ਨੂੰ ਮੁਨੀਸ਼ ਸਿਸੋਦੀਆ ਦਾ ਕਰੀਬੀ ਹੋਣ ਦਾ ਭਰਮ ਭੁਲੇਖਾ ਪੈਦਾ ਕਰਨ ਤੇ ਦਬਦਬਾ ਬਣਾਉਣ ਲਈ ਵਰਤਦਿਆਂ ਪੰਜਾਬ ਦੇ ਸਿਆਸੀ ਵਿਅਕਤੀਆਂ, ਵਿਧਾਇਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਨੰਬਰ ਰਾਹੀਂ ਵਟਸਐਪ ਮੈਸੇਜ ਕਰ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਫੀ ਲੋਕਾਂ ਨੂੰ ਮੂਰਖ ਬਣਾ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜੇ ਤੱਕ ਇਸ ਨੂੰ ਕਾਮਯਾਬੀ ਨਹੀਂ ਸੀ ਹਾਸਲ ਹੋਈ।

ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਦੇ ਅਾਧਾਰ ’ਤੇ ਪਟਿਆਲਾ ਪੁਲਸ ਨੇ ਇਸ ਠੱਗ ਗਿਰੋਹ ਵੱਲੋਂ ਕਿਸੇ ਵੱਡੇ ਹੋਰ ਸਕੈਮ ਹੋਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਥਾਣਾ ਕੋਤਵਾਲੀ ਵਿਖੇ ਮਿਤੀ 8 ਜੁਲਾਈ 2025 ਨੂੰ ਬੀ. ਐੱਨ. ਐੱਸ. ਦੀਆਂ ਧਾਰਾਵਾਂ 319 (2), 318(4) ਤੇ ਆਈ. ਟੀ. ਐਕਟ ਦੀਆਂ ਧਾਰਾਵਾਂ 66, 66 ਸੀ ਤੇ 66 ਡੀ. ਤਹਿਤ ਮੁਕੱਦਮਾ ਨੰਬਰ 145 ਕਰ ਕੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਇਕ ਠੱਗੀਆਂ ਮਾਰਨ ਦਾ ਆਦੀ ਗਿਰੋਹ ਹੈ। ਇਸ ਦੇ ਸਰਗਣੇ ਜੈ ਕਿਸ਼ਨ ਨੇ ਪਹਿਲਾਂ ਵੀ ਹਰਿਆਣਾ ਵਿਖੇ ਇਕ ਮਹਿਲਾ ਨਾਲ ਸੀ. ਬੀ. ਆਈ. ਦਾ ਫਰਜ਼ੀ ਅਫ਼ਸਰ ਬਣ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ, ਜਿਸ ’ਚ ਇਸ ਨੂੰ 3 ਸਾਲ ਦੀ ਸਜ਼ਾ ਵੀ ਹੋਈ ਸੀ।

ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਇਸ ਗਿਰੋਹ ਨੂੰ ਬੇਨਕਾਬ ਕਰ ਕੇ ਇਕ ਵੱਡਾ ਠੱਗੀ ਦੀ ਵਾਰਦਾਤ ਹੋਣ ਤੋਂ ਬਚਾਅ ਲਈ ਹੈ, ਕਿਉਂਕਿ ਇਸ ਠੱਗਾਂ ਦੇ ਕਿੰਗਪਿੰਨ ਜੈ ਕਿਸ਼ਨ ਨੇ ਆਪਣੀ ਚੈਟ ’ਚ ਆਪਣੇ ਆਪ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦਾ ਕਰੀਬੀ ਦਰਸਾਇਆ ਸੀ। ਇਸ ਨੇ ਇਸ ਨੰਬਰ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਇਕ ਸਾਜ਼ਿਸ਼ ਘੜੀ ਸੀ। ਇਸ ਨੇ ਇਹ ਨੰਬਰ ਵੋਡਾਫੋਨ ’ਚ ਅਪਣੇ ਕਿਸੇ ਕਰੀਬੀ ਦੀ ਸਹਾਇਤਾ ਨਾਲ ਹਾਸਲ ਕੀਤਾ ਸੀ, ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਤੇ ਇੰਚਾਰਜ ਸੀ. ਆਈ. ਏ. ਸਟਾਫ਼ ਪਟਿਆਲਾ ਪਰਦੀਪ ਸਿੰਘ ਬਾਜਵਾ ਵੀ ਮੌਜੂਦ ਸਨ।

Read More : ਭਾਰਤ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ

Leave a Reply

Your email address will not be published. Required fields are marked *