ਜੁਡੀਸ਼ੀਅਲ ਕੰਪਲੈਕਸ ਤੋਂ ਡੀ. ਸੀ. ਦਫਤਰ ਤੱਕ ਕੀਤਾ ਰੋਸ ਮਾਰਚ, ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ
ਗੁਰਦਾਸਪੁਰ, 17 ਨਵੰਬਰ : ਜ਼ਿਲਾ ਗੁਰਦਾਸਪੁਰ ਨੂੰ ਟੁੱਟਣ ਤੋਂ ਬਚਾਉਣ ਲਈ ਬਾਰ ਐਸੋਸੀਏਸ਼ਨ ਗੁਰਦਾਸਪੁਰ ਨਾਲ ਸਬੰਧਤ ਵੱਖ-ਵੱਖ ਵਕੀਲਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਨੂੰ 20 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ। ਜਿਸ ਦੇ ਚਲਦਿਆਂ ਅੱਜ ਵੀ ਸਮੂਹ ਵਕੀਲ ਭਾਈਚਾਰੇ ਨੇ ਗੁਰਦਾਸਪੁਰ ਵਿਖੇ ਅਦਾਲਤਾਂ ਦਾ ਕੰਮਕਾਜ ਠੱਪ ਰੱਖਿਆ।
ਇਸ ਦੌਰਾਨ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਇਕੱਤਰ ਹੋ ਕੇ ਜੁੁਡੀਸ਼ੀਅਲ ਕੰਪਲੈਕਸ ਤੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਵੀ ਕੀਤਾ। ਜਿਸ ਤੋਂ ਬਾਅਦ ਡੀ. ਸੀ. ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ ਅਤੇ ਪ੍ਰਸਿੱਧ ਵਕੀਲ ਐਡਵੋਕੇਟ ਮਨੋਜ ਲੂੰਬਾ ਨੇ ਦੱਸਿਆ ਕਿ ਪਿਛਲੇ ਹਫਤੇ ਕੀਤੀ ਗਈ ਹੜਤਾਲ ਦੇ ਬਾਵਜੂਦ ਅਜੇ ਤੱਕ ਸੀ. ਐੱਮ. ਦਫਤਰ ਵੱਲੋਂ ਉਨ੍ਹਾਂ ਨੂੰ ਜ਼ਿਲਾ ਨਾ ਤੋੜਨ ਸਬੰਧੀ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਕੀਤੇ ਗਏ ਐਲਾਨ ਦੇ ਮੁਤਾਬਕ ਹਲਕਾ ਇੰਚਾਰਜਾਂ ਅਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜ ਕੇ ਅਪੀਲ ਕੀਤੀ ਗਈ ਹੈ ਕਿ ਗੁਰਦਾਸਪੁਰ ਜ਼ਿਲੇ ਦੇ ਟੁਕੜੇ ਨਾਂ ਕੀਤੇ ਜਾਣ।
ਉਨ੍ਹਾਂ ਕਈ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਨੂੰ ਤੋੜਨਾ ਕਿਸੇ ਵੀ ਤਰ੍ਹਾਂ ਨਾਲ ਤਰਕ ਸੰਗਤ ਨਹੀਂ ਹੈ, ਜਿਸ ਦੇ ਨਾਲ ਨਾ ਸਿਰਫ ਸਰਕਾਰੀ ਖਜ਼ਾਨੇ ’ਤੇ ਬੋਝ ਪਵੇਗਾ, ਸਗੋਂ ਇਸ ਦੇ ਨਾਲ ਆਮ ਲੋਕਾਂ ਅਤੇ ਵਕੀਲ ਭਾਈਚਾਰੇ ਨੂੰ ਵੀ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਜਿੰਨੀ ਦੇਰ ਉਨ੍ਹਾਂ ਨੂੰ ਜ਼ਿਲਾ ਨਾਂ ਤੋੜਨ ਸਬੰਧੀ ਪੱਕਾ ਭਰੋਸਾ ਨਹੀਂ ਮਿਲਦਾ, ਉਨੀ ਦੇਰ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਇਸ ਮੌਕੇ ਸਮੂਹ ਵਕੀਲ ਭਾਈਚਾਰੇ ਨੇ ਇਕਜੁੱਟ ਹੋ ਕੇ ਕਿਹਾ ਕਿ ਪਹਿਲਾਂ ਹੀ ਗੁਰਦਾਸਪੁਰ ਜ਼ਿਲੇ ਦੇ ਕਈ ਟੁਕੜੇ ਕੀਤੇ ਜਾ ਚੁੱਕੇ ਹਨ ਪਰ ਹੁਣ ਜੇਕਰ ਇਸ ਨੂੰ ਤੋੜ ਕੇ ਬਟਾਲਾ ਬਣਾਇਆ ਗਿਆ ਤਾਂ ਉਹ ਇਸ ਫੈਸਲੇ ਨੂੰ ਕਿਸੇ ਵੀ ਕੀਮਤ ਸਵੀਕਾਰ ਨਹੀਂ ਕਰਨਗੇ ਅਤੇ ਇਸ ਦਾ ਵਿਰੋਧ ਜਾਰੀ ਰੱਖਣਗੇ।
ਇਸ ਦੌਰਾਨ ਮੌਕੇ ’ਤੇ ਪਹੁੰਚੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਵੀ ਭਰੋਸਾ ਦਵਾਇਆ ਕਿ ਉਹ ਇਸ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਤੱਕ ਸੁਚੱਜੇ ਢੰਗ ਨਾਲ ਪਹੁੰਚਾ ਕੇ ਇਸਦਾ ਸਾਰਥਕ ਹੱਲ ਕਰਵਾਉਣਗੇ।
Read More : ਫਿਰੋਜ਼ਪੁਰ ਤੋਂ ਅਮਰੀਕਾ ਭੇਜੇ ਜਾ ਰਹੇ ਪਾਰਸਲ ਵਿੱਚੋਂ ਮਿਲੀ ਅਫੀਮ
