ਪ੍ਰਸ਼ਾਸਨ ਨੇ ਰਾਹ ਕੀਤਾ ਬੰਦ
ਪਠਾਨਕੋਟ, 24 ਅਗਸਤ : ਜੰਮੂ ਤੋਂ ਕਨਿਆਕੁਮਾਰੀ ਨੂੰ ਜੋੜਨ ਵਾਲੇ ਚੱਕੀ ਦਰਿਆ ’ਤੇ ਬਣਿਆ ਇਤਿਹਾਸਕ ਰੇਲਵੇ ਪੁਲ ਇਕ ਵਾਰ ਫਿਰ ਖਤਰੇ ਦੀ ’ਚ ਆ ਗਿਆ ਹੈ। ਲਗਾਤਾਰ ਭਾਰੀ ਮੀਂਹ ਅਤੇ ਦਰਿਆ ’ਚ ਤੇਜ਼ ਵਰ੍ਹਾਾ ਕਾਰਨ ਪੁਲ ਦੀ ਨੀਂਹ ਹੇਠੋਂ ਮਿੱਟੀ ਖਿਸਕਣੀ ਸ਼ੁਰੂ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਪੁਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਸਥਾਨਕ ਲੋਕਾਂ ਅਨੁਸਾਰ ਦਰਿਆ ਦਾ ਪਾਣੀ ਬਹੁਤ ਤੇਜ਼ੀ ਨਾਲ ਵਗ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਪੁਲ ਦੀ ਨੀਂਹ ਹੇਠੋਂ ਪੱਥਰ ਅਤੇ ਮਿੱਟੀ ਵਹਿ ਕੇ ਜਾ ਰਹੀ ਹੈ, ਜਿਸ ਕਾਰਨ ਪੁਲ ਦੀ ਬਣਤਰ ਕਮਜ਼ੋਰ ਹੋ ਰਹੀ ਹੈ। ਦੂਜੀ ਪਾਸੇ ਰੇਲਵੇ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਰੇਲਗੱਡੀਆਂ ਦੀ ਗਤੀ ਘਟਾ ਦਿੱਤੀ ਹੈ ਅਤੇ ਭਾਰੀ ਟ੍ਰੈਫਿਕ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ।

ਯਾਦ ਰਹੇ ਕਿ ਇਸੇ ਪੁਲ ਦਾ ਇਕ ਹਿੱਸਾ ਪਹਿਲਾਂ ਵੀ ਢਹਿ ਚੁੱਕਾ ਹੈ, ਜਿਸ ਦੀ ਮੁਰੰਮਤ ਤੋਂ ਬਾਅਦ ਮੁੜ ਖੋਲ੍ਹਿਆ ਗਿਆ ਸੀ। ਹੁਣ ਮੁੜ ਅਜਿਹੀ ਸਥਿਤੀ ਬਣਨ ਕਾਰਨ ਲੋਕਾਂ ਅਤੇ ਯਾਤਰੀਆਂ ’ਚ ਦਹਿਸ਼ਤ ਦਾ ਮਾਹੌਲ ਹੈ।
ਇਸ ਸਬੰਧੀ ਜ਼ਿਲਾ ਪੁਲਸ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਪਠਾਨਕੋਟ–ਜਲੰਧਰ, ਜੰਮੂ ਨੇਸ਼ਨਲ ਹਾਈਵੇ ’ਤੇ ਬਣੇ ਚੱਕੀ ਖੱਡ ਦੇ ਪੁਲ ਨੂੰ ਤੁਰੰਤ ਬੰਦ ਕਰ ਦਿੱਤਾ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਅਤੇ ਜਲੰਧਰ-ਪਠਾਨਕੋਟ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਵਾਇਆ ਕੰਡਵਾਲ ਰੂਟ ਭੇਜਿਆ ਜਾ ਰਿਹਾ ਹੈ।
ਇਕਦਮ ਪੁਲ ਬੰਦ ਹੋਣ ਨਾਲ ਕਈ ਬੱਸ ਡਰਾਈਵਰਾਂ ਨੇ ਯਾਤਰੀਆਂ ਨੂੰ ਅੱਧੇ ਰਾਹ ਵਿੱਚ ਹੀ ਉਤਾਰ ਦਿੱਤਾ, ਜਿਸ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਪੈਦਲ ਹੀ ਆਪਣੀ ਮੰਜ਼ਿਲ ਵੱਲ ਜਾਣਾ ਪਿਆ। ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਮਨਦੀਪ ਸਲਗੋਤਰਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਪੁਲ ਦਾ ਰਾਹ ਬੰਦ ਕੀਤਾ ਗਿਆ ਹੈ। ਹਾਲਾਂਕਿ ਐਮਰਜੈਂਸੀ ਸੇਵਾਵਾਂ ਨੂੰ ਹੀ ਇਸ ਰਾਹੋਂ ਆਉਣ–ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਨਵੇਂ ਹੁਕਮਾਂ ਤੱਕ ਪੁਲ ਬੰਦ ਹੀ ਰੱਖਿਆ ਜਾਵੇਗਾ।
Read More : ਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾ