ਲੁਧਿਆਣਾ, 10 ਅਗਸਤ : ਕਰੀਬ ਪਿਛਲੇ 9 ਸਾਲਾਂ ਤੋਂ ਪੁਲਸ ਪ੍ਰਸ਼ਾਸਨ ਦੇ ਚੱਕਰ ਕੱਢਦਿਆਂ ਜਦੋਂ ਕੋਈ ਇਨਸਾਫ ਮਿਲਣ ਦੀ ਉਮੀਦ ਨਾ ਰਹੀ ਤਾਂ ਪੀੜਤ ਸੁਖਦੇਵ ਸਿੰਘ ਪੁੱਤਰ ਸਵ. ਮਲਕੀਅਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਜ਼ਿਲਾ ਲੁਧਿਆਣਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।
ਅਦਾਲਤ ਨੇ ਪੀੜਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਾਚਿਆ ਤਾਂ ਪੁਲਸ ਅਫਸਰਾਂ ਦੀ ਡਿਊਟੀ ’ਚ ਕੁਤਾਹੀ ਸਾਹਮਣੇ ਆਈ, ਕਿਉਂਕਿ ਪੀੜਤ ਸੁਖਦੇਵ ਸਿੰਘ ਨੇ ਪੁਲਸ ਮੁਖੀ ਨਵਨੀਤ ਸਿੰਘ ਬੈਂਸ, ਜਸਜੋਤ ਸਿੰਘ ਡੀ. ਐੱਸ. ਪੀ., ਪੁਲਸ ਕਪਤਾਨ ਗੁਰਦੀਪ ਸਿੰਘ ਗੋਸਲ ਅਤੇ ਇੰਸਪੈਕਟਰ ਜਸਵੀਰ ਸਿੰਘ ਵਿਰੁੱਧ ਹਾਈ ਕੋਰਟ ’ਚ ਚਾਰਾਜੋਈ ਕੀਤੀ ਸੀ, ਜਿਸ ’ਤੇ ਮਿਤੀ 29 ਜੁਲਾਈ 2025 ਨੂੰ ਮਾਣਯੋਗ ਅਦਾਲਤ ਸ਼੍ਰੀ ਅਲਕਾ ਸਰੀਨ ਨੇ ਪੁਲਸ ਖਿਲਾਫ ਸਖਤ ਰੁੱਖ ਅਪਣਾਉਂਦਿਆਂ ਜਿਥੇ ਪੁਲਸ ਜਗਰਾਓਂ ਨੂੰ 20,000 ਰੁਪਏ ਹਰਜਾਨਾ ਕੀਤਾ, ਉਥੇ ਆਉਣ ਵਾਲੀ ਮਿਤੀ 18 ਅਗਸਤ 2025 ਨੂੰ ਨਿੱਜੀ ਤੌਰ ’ਤੇ ਐੱਸ. ਐੱਸ. ਪੀ. ਜਗਰਾਓਂ ਨੂੰ ਅਦਾਲਤ ’ਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ।
ਅੱਜ ਪੀੜਤ ਸੁਖਦੇਵ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ 9 ਸਾਲਾਂ ਤੋਂ ਪੁਲਸ ਵਧੀਕੀਆਂ ਦਾ ਸ਼ਿਕਾਰ ਹੋਇਆ ਹਾਂ। ਮੇਰੇ ਨਾਲ ਪ੍ਰਾਈਵੇਟ ਕੰਪਨੀ ਮਾਊਂਟਕੂਲ ਬੈਵਰੇਜ ਲਿਮ. ਨੇ 4.60 ਲੱਖ ਦੀ ਧੋਖਾਦੇਹੀ ਕੀਤੀ ਸੀ, ਜਿਸ ਦੀ ਸ਼ਿਕਾਇਤ ਕਰਨ ’ਤੇ ਕੰਪਨੀ ਮਾਲਕਾਂ ਨੇ ਆਪਣੀ ਸਰਕਾਰੇ-ਦਰਬਾਰੇ ਪਹੁੰਚ ਨਾਲ ਮੇਰੇ ਖਿਲਾਫ ਹੀ ਸਾਜ਼ਿਸ਼ ਰਚ ਕੇ ਝੂਠੇ ਕੇਸ ’ਚ ਫਸਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਬਾਅਦ ਪੜਤਾਲ ਝੂਠੀ ਸਾਬਤ ਹੋਈ।
ਉਪਰੰਤ ਮੈਂ ਮਾਣਯੋਗ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਚੰਡੀਗੜ੍ਹ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਦੇ ਹੁਕਮਾਂ ’ਤੇ ਮੁਕੱਦਮਾ ਨੰਬਰ 10/2020 ਥਾਣਾ ਸਿੱਧਵਾਂ ਬੇਟ ਦਰਜ ਹੋਇਆ, ਜਿਸ ’ਚ ਹੁਣ ਤੱਕ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਮੈਨੂੰ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਇਸ ਮੌਕੇ ਉਨ੍ਹਾਂ ਨਾਲ ਹਰਦੇਵ ਸਿੰਘ ਬੋਪਾਰਾਏ ਅਤੇ ਆਰ. ਟੀ. ਆਈ. ਐਕਟੀਵਿਸਟ ਜਗਸੀਰ ਸਿੰਘ ਖਾਲਸਾ ਹਾਜ਼ਰ ਸਨ।
Read More : ਚੋਣ ਕਮਿਸ਼ਨ ਉਤੇ ਭਰੋਸਾ ਨਹੀਂ ਤਾਂ ਰਾਹੁਲ ਗਾਂਧੀ ਲੋਕ ਸਭਾ ਤੋਂ ਅਸਤੀਫਾ ਦੇਣ : ਭਾਜਪਾ