Health Minister Dr. Balbir Singh

ਹੜ੍ਹਾਂ ਦੀ ਮਾਰ ਝੱਲ ਰਹੇ ਜ਼ਿਲਾ ਗੁਰਦਾਸਪੁਰ ’ਚ ਪਹੁੰਚੇ ਸਿਹਤ ਮੰਤਰੀ

ਪੀੜਤਾਂ ਦਾ ਪੁੱਛਿਆ ਹਾਲ, ਸਿਹਤ ਅਮਲੇ ਨੂੰ ਪੂਰੀ ਸੰਜੀਦਗੀ ਦੇ ਪੀੜਤਾਂ ਦੀ ਮਦਦ ਕਰਨ ਦੇ ਦਿੱਤੇ ਨਿਰਦੇਸ਼

ਗੁਰਦਾਸਪੁਰ, 31 ਅਗਸਤ : ਹੜ੍ਹਾਂ ਦੀ ਮਾਰ ਹੇਠ ਆਏ ਜ਼ਿਲ ਗੁਰਦਾਸਪੁਰ ਵਿਚ ਪੀੜਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਗੁਰਦਾਸਪੁਰ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਨੜ੍ਹਾਂਵਾਲੀ, ਕਲਾਨੌਰ, ਮਛਰਾਲਾ, ਪੱਖੋਕੇ ਤੇ ਡੇਰਾ ਬਾਬਾ ਨਾਨਕ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਰਾਹਤ ਕੈਂਪਾਂ ’ਚ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ, ਰਾਹਤ ਕੈਂਪਾਂ ’ਚ ਪਹੁੰਚੇ ਵਿਅਕਤੀਆਂ ਨੂੰ ਰਾਹਤ ਸਮੱਗਰੀ ਵੰਡੀ।

ਸਿਹਤ ਮੰਤਰੀ ਨੇ ਪੀੜਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਕਟ ਦੀ ਇਹ ਘੜੀ ’ਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਨਾਲ ਹੀ ਸਾਰੇ ਸਿਹਤ ਅਮਲੇ ਨੂੰ ਹਦਾਇਤ ਕੀਤੀ ਕਿ ਪੂਰੀ ਸੰਜੀਦਗੀ ਦੇ ਨਾਲ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ।

ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੀ ਨਾਲ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਹੜ੍ਹ ਪੀੜਤਾਂ ਲਈ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ ਅਤੇ ਹੋਰ ਲੋੜਵੰਦ ਤੱਕ ਖਾਣ-ਪੀਣ ਦੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਸਭ ’ਚ ਸਮਾਜ ਸੇਵੀ ਸੰਸਥਾਵਾਂ ਦਾ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ।

ਇਸ ਸੰਕਟ ਵਿੱਚ ਲੋਕਾਂ ਦੀ ਮਦਦ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਹੜ੍ਹ ਦੇ ਪਾਣੀ ਨਾਲ ਡੇਂਗੂ, ਮਲੇਰੀਆ ਤੇ ਡਾਇਰੀਆ ਸਮੇਤ ਹੋਰ ਬਿਮਾਰੀਆਂ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਕੋਲੋਂ 100 ਐਂਬੂਲੈਂਸਾਂ ਤੇ ਨਾਲ ਪੈਰਾ ਮੈਡੀਕਲ ਸਟਾਫ਼ ਦੀ ਮੰਗ ਕੀਤੀ ਹੈ ਜੋ ਜਲਦੀ ਹੀ ਪਹੁੰਚ ਜਾਣਗੀਆਂ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਨਾਲ ਲੋਕਾਂ ਦੀਆਂ ਫਸਲਾਂ ਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਜਿੱਥੇ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ, ਉਥੇ ਉਹ ਆਪਣੇ ਵੱਲੋਂ ਵੀ ਇਕ ਹੜ੍ਹ ਪੀੜ੍ਹਤ ਕਿਸਾਨ ਦੇ ਪਰਿਵਾਰ ਤੇ ਇਕ ਮਜ਼ਦੂਰ ਦੇ ਪਰਿਵਾਰ ਦੀ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਕਰਨਗੇ। ਇਸ ਦੌਰਾਨ ਸਿਹਤ ਮੰਤਰੀ ਨੇ ਕਮਿਊਨਿਟੀ ਹੈੱਲਥ ਸੈਂਟਰ ਕਲਾਨੌਰ ਦਾ ਦੌਰਾ ਵੀ ਕੀਤਾ।

ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਮੈਡੀਕਲ ਕੈਂਪ ਲਗਾਉਣ ਤੋਂ ਇਲਾਵਾ ਪ੍ਰਭਾਵਿਤ ਪਿੰਡਾਂ ’ਚ ਵਾਟਰ ਸੈਂਪਲਿੰਗ, ਸਿਹਤ ਜਾਗਰੂਕਤਾ ਅਤੇ ਮਰੀਜ਼ਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪੱਧਰ ’ਤੇ 3 ਰੈਪਿਡ ਰਿਸਪਾਂਸ ਟੀਮਾਂ ਅਤੇ ਬਲਾਕ ਪੱਧਰ ’ਤੇ 19 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਅਨੁਸਾਰ 38 ਮੋਬਾਈਲ ਮੈਡੀਕਲ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਆਪਣੀਆਂ ਮੈਡੀਕਲ ਸੇਵਾਵਾਂ ਦੇ ਰਹੀਆਂ ਹਨ। ਜ਼ਿਲੇ ’ਚ ਸਿਹਤ ਵਿਭਾਗ ਦੀਆਂ 6 ਜਦਕਿ 108 ਵਾਲੀਆਂ 18 ਐਂਬੂਲੈਂਸ ਲੋਕਾਂ ਦੀ ਸੇਵਾ ’ਚ ਮੌਜੂਦ ਹਨ।

ਇਸ ਮੌਕੇ ਸਿਹਤ ਮੰਤਰੀ ਦੇ ਨਾਲ ਪਤਨੀ ਰੁਪਿੰਦਰਜੀਤ ਸੈਣੀ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਪਾਰਟੀ ਜ਼ਿਲਾ ਪ੍ਰਧਾਨ ਜੋਬਨ ਰੰਧਾਵਾ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਐੱਸ. ਡੀ. ਐੱਮ. ਕਲਾਨੌਰ ਜਯੋਤਸਨਾ ਸਿੰਘ, ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਡਾ. ਅਦਿੱਤਿਆ ਸ਼ਰਮਾ, ਐੱਸ. ਡੀ. ਐੱਮ. ਫਤਿਹਗੜ੍ਹ ਚੂੜੀਆਂ ਗੁਰਮੰਦਰ ਸਿੰਘ, ਤਹਿਸੀਲਦਾਰ ਰਜਿੰਦਰ ਸਿੰਘ, ਜ਼ਿਲਾ ਮੀਡੀਆ ਇੰਚਾਰਜ ਮੁਖਦੇਵ ਸਿੰਘ ਆਲੋਵਾਲ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Read More : ਅਦਾਲਤ ਵੱਲੋਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸੰਮਨ ਜਾਰੀ

Leave a Reply

Your email address will not be published. Required fields are marked *