ਫਾਜ਼ਿਲਕਾ, 23 ਅਗਸਤ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਫਾਜ਼ਿਲਕਾ ’ਚ ਵੀ ਇਲਾਕੇ ਦੇ ਹੜ੍ਹ ਪੀੜ੍ਹਤਾ ਨੂੰ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰਾਜ ’ਚ 323 ਮੋਬਾਈਲ ਮੈਡੀਕਲ ਟੀਮਾਂ, 450 ਰੈਪੀਡ ਰਿਸਪਾਂਸ ਟੀਮਾਂ ਅਤੇ 170 ਐਮਬੂਲੈਂਸ ਸਕੀਮਾਂ ਹੜ ਪ੍ਰਭਾਵਿਤ ਖੇਤਰਾਂ ’ਚ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਤੋਂ ਬਿਨਾਂ ਪ੍ਰਭਾਵਿਤ ਖੇਤਰਾਂ ਦੇ ਹਸਪਤਾਲਾਂ ਵਿੱਚ ਹੜਾਂ ਤੋਂ ਪੀੜਤਾਂ ਲਈ ਵਿਸ਼ੇਸ਼ ਵਾਰਡ ਵੀ ਬਣਾਏ ਗਏ ਹਨ ਅਤੇ ਖਾਸ ਕਰਕੇ ਗਰਭਵਤੀ ਔਰਤਾਂ ਦੇ ਸੁਰੱਖਿਤ ਜਨੇਪੇ ਨੂੰ ਯਕੀਨੀ ਬਣਾਉਣ ਲਈ ਵੀ ਸਿਹਤ ਵਿਭਾਗ ਉਪਰਾਲੇ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦਵਾਈਆਂ ਅਤੇ ਡਾਕਟਰਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਵੇਂ ਡਾਕਟਰਾਂ ਦੀ ਵੀ ਭਰਤੀ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਸਿਹਤ ਮੰਤਰੀ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਦੇ 8 ਪਿੰਡ ਪ੍ਰਭਾਵਿਤ ਹਨ ਅਤੇ 8 ਮੈਡੀਕਲ ਟੀਮਾਂ, ਤਿੰਨ ਐਂਬੂਲੈਂਸ ਅਤੇ ਜ਼ਿਲਾ ਹਸਪਤਾਲ ’ਚ 10 ਅਤੇ ਅਬੋਹਰ ਦੇ ਹਸਪਤਾਲ ਵਿੱਚ 5 ਬੈਡ ਦਾ ਆਈਸੋਲੇਟਡ ਵਾਰਡ ਬਣਾਇਆ ਗਿਆ ਹੈ । ਪਿੰਡਾਂ ’ਚ ਕਲੋਰੀਨ ਦੀਆਂ ਗੋਲੀਆਂ ਵੰਡਣ ਦੇ ਨਾਲ ਨਾਲ ਪੀਣ ਦੇ ਪਾਣੀ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਠ ਪਿੰਡਾਂ ’ਚ 10700 ਦੀ ਆਬਾਦੀ ਰਹਿੰਦੀ ਹੈ ਅਤੇ ਇਨ੍ਹਾਂ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲੇ ਇਸ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਪਿੰਡਾਂ ’ਚ 45 ਗਰਭਵਤੀ ਔਰਤਾਂ ਹਨ ਜਿੰਨਾਂ ਦੀ ਪਹਿਚਾਣ ਕਰ ਲਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਜਰੂਰਤ ਅਨੁਸਾਰ ਮੈਡੀਕਲ ਸਹਾਇਤਾ ਉਪਲਬਧ ਕਰਵਾਈ ਜਾ ਸਕੇ। ਇਸੇ ਤਰ੍ਹਾਂ 856 ਲੋਕਾਂ ਨੂੰ ਇਨ੍ਹਾਂ ਪਿੰਡਾਂ ’ਚ ਦਵਾਈ ਮੁਹੱਈਆ ਕਰਵਾਈ ਗਈ ਹੈ। ਫਿਲਹਾਲ ਪ੍ਰਭਾਵਿਤ ਪਿੰਡਾਂ ’ਚ ਡਾਇਰੀਆ ਜਾਂ ਡੇਂਗੂ ਦਾ ਕੋਈ ਕੇਸ ਨਹੀਂ ਪਾਇਆ ਗਿਆ ਹੈ।
ਇਸ ਮੌਕੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਹੁਣ ਪਸ਼ੂ ਚਾਰੇ ਦੇ ਨਾਲ ਨਾਲ ਕੈਟਲ ਫੀਡ ਵੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਪਿੰਡਾਂ ਵਿੱਚ 67 00 ਪਸ਼ੂ ਲੋਕਾਂ ਕੋਲ ਹਨ ਅਤੇ ਇਹਨਾਂ ਦੇ ਇਲਾਜ ਜਾਂ ਮੈਡੀਕਲ ਸਹੂਲਤ ਲਈ ਵੈਟਰਨਰੀ ਡਿਪਾਰਟਮੈਂਟ ਨੂੰ ਸਖਤ ਹਦਾਇਤ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਸਿਹਤ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਫਿਲਹਾਲ ਜ਼ਿਲੇ ’ਚ ਦੋ ਡੇਂਗੂ ਦੇ ਕੇਸ ਹੁਣ ਤੱਕ ਰਿਪੋਰਟ ਹੋਏ ਹਨ ਪਰ ਹੋਰ ਕੇਸ ਨਾ ਆਉਣ ਇਸ ਲਈ ਵਿਭਾਗ ਘਰ ਘਰ ਜਾ ਕੇ ਡੇਂਗੂ ਦੇ ਲਾਰਵੇ ਸੰਬੰਧੀ ਸਰਵੇਖਣ ਕਰੇ। ਉਨ੍ਹਾਂ ਕਿਹਾ ਕਿ ਪਾਣੀ ਜਾਂ ਬੈਕਟੀਰੀਆ ਤੋਂ ਹੋਣ ਵਾਲੇ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਵਿਭਾਗ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰੇ।
ਬੈਠਕ ’ਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਰਹੱਦੀ ਪਿੰਡਾਂ ਦੇ ਤਾਜ਼ਾ ਹਾਲਾਤਾਂ ਦੀ ਰਿਪੋਰਟ ਦਿੱਤੀ। ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਪਿੱਛਲੇ ਦਿਨੀ ਹੋਈ ਬਾਰਿਸ਼ ਦੌਰਾਨ ਬਾਗਾਂ ਨੂੰ ਹੋਏ ਨੁਕਸਾਨ ਦਾ ਮੁੱਦਾ ਉਠਾਉਂਦਿਆਂ ਬਾਗਬਾਨ ਕਿਸਾਨਾਂ ਨੂੰ ਵੀ ਮੁਆਵਜਾ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸਡੀਐਮ ਵੀਰਪਾਲ ਕੌਰ, ਸਿਵਲ ਸਰਜਨ ਡਾ. ਰਾਜ ਕੁਮਾਰ, ਡੀਐਮਸੀ ਡਾ. ਐਰਿਕ, ਮੁੱਖ ਖੇਤੀਬਾੜੀ ਅਫਸਰ ਰਜਿੰਦਰ ਕੰਬੋਜ ਵੀ ਹਾਜ਼ਰ ਸਨ।
Read More : ਮੁੱਖ ਮੰਤਰੀ ਮਾਨ ਵੱਲੋਂ ਪ੍ਰਮਾਣਿਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਲਈ ਨੀਤੀ ਲਾਂਚ