123 ਥਾਵਾਂ ’ਤੇ ਮਿਲਿਆ ਡੇਂਗੂ ਫੈਲਾਉਣ ਵਾਲਾ ਲਾਰਵਾ
ਗੁਰਦਾਸਪੁਰ, 23 ਅਗਸਤ : ਜ਼ਿਲਾ ਗੁਰਦਾਸਪੁਰ ਅੰਦਰ ਡੇਂਗੂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਕੇਂਦਰੀ ਜੇਲ ਗੁਰਦਾਸਪੁਰ ਸਮੇਤ ਵੱਖ-ਵੱਖ ਸਰਕਾਰੀ ਦਫਤਰਾਂ ਵਿਚ ਅਚਨਚੇਤ ਛਾਪੇਮਾਰੀ ਕੀਤੀ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਵਿੰਦਰ ਸਿੰਘ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਜਿਥੇ ਹਫਤੇ ਵਿਚ ਇਕ ਦਿਨ ਆਪਣੇ ਘਰਾਂ ਵਿਚ ਪਾਣੀ ਵਾਲੇ ਸੋਮੇ ਸੁਕਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ, ਉਸ ਦੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਚੈਕਿੰਗ ਵੀ ਕੀਤੀ ਜਾਂਦੀ ਹੈ। ਇਸ ਤਹਿਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਗੁਰਦਾਸਪੁਰ ਜ਼ਿਲੇ ਅੰਦਰ ਵੱਖ-ਵੱਖ ਸਰਕਾਰੀ ਦਫਤਰਾਂ ਅਤੇ ਕੇਂਦਰੀ ਜੇਲ ਸਮੇਤ 328 ਥਾਵਾਂ ’ਤੇ ਪਾਣੀ ਵਾਲੇ 107 ਕੰਟੇਨਰ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ 123 ਥਾਵਾਂ ’ਤੇ ਡੇਂਗੂ ਫੈਲਾਉਣ ਵਾਲਾ ਖਤਰਨਾਕ ਲਾਰਵਾ ਮਿਲਿਆ।
ਉਨ੍ਹਾਂ ਦੱਸਿਆ ਕਿ ਡੇਂਗੂ ਸਾਫ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਹਫਤੇ ਵਿਚ ਘੱਟੋ-ਘੱਟ ਇਕ ਵਾਰ ਆਪਣੇ ਘਰਾਂ ਵਿਚ ਗਮਲੇ, ਫਰਿੱਜ ਦੀਆਂ ਟਰੇਆਂ ਤੇ ਹੋਰ ਬਰਤਨਾਂ ਵਿਚ ਖੜਾ ਪਾਣੀ ਜ਼ਰੂਰ ਸੁਕਾਉਣ। ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਗੁਰਦਾਸਪੁਰ ਅਤੇ ਐੱਫ.ਸੀ.ਆਈ. ਦੇ ਦਫਤਰ ਸਮੇਤ ਕਈ ਸਕੂਲਾਂ ਅਤੇ ਹੋਰ ਥਾਵਾਂ ਦੀ ਵੀ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਟਾਇਰਾਂ ਵਾਲੀਆਂ ਪ੍ਰਾਈਵੇਟ ਦੁਕਾਨਾਂ ’ਤੇ ਵੀ ਟੀਮਾਂ ਨੇ ਪਹੁੰਚ ਕੇ ਚੈਕਿੰਗ ਕੀਤੀ ਅਤੇ ਟਾਇਰਾਂ ਵਿਚ ਖੜ੍ਹੇ ਪਾਣੀ ਵਿਚੋਂ ਮਿਲਿਆ ਲਾਰਵਾ ਨਸ਼ਟ ਕੀਤਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਡੇਂਗੂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਜਾਂ ਲੱਛਣ ਨਜ਼ਰ ਆਉਂਦਾ ਹੈ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਮਾਹਿਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੀਜਨ ਵਿਚ ਹੁਣ ਤੱਕ 24 ਲੋਕਾਂ ਨੂੰ ਡੇਂਗੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
Read More : ਸੀ.ਬੀ.ਆਈ. ਦਾ ਅਨਿਲ ਅੰਬਾਨੀ ਦੇ ਘਰ ਛਾਪਾ