ਸਿਰਫ ਸ਼੍ਰੋਮਣੀ ਕਮੇਟੀ ਨਹੀਂ, ਸਮੁੱਚੀ ਪੰਥ ਦੀ ਰਾਏ ਨਾਲ ਬਣੇਗਾ ਜਥੇਦਾਰਾਂ ਪ੍ਰਤੀ ਵਿਧੀ ਵਿਧਾਨ : ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ, 10 ਜੂਨ :-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੱਥਾ ਟੇਕ ਕੇ ਜਿੱਥੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਉਨ੍ਹਾਂ ਨੇ ਕੁਝ ਸਮਾਂ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਇਸ ਦੌਰਾਨ ਸੱਚਖੰਡ ਵਿਖੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਵਿਚ ਇਕ ਅਜਿਹੀ ਸਰਕਾਰ ਦਾ ਰਾਜ ਪ੍ਰਬੰਧ ਹੋਵੇ, ਜੋ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ, ਸਭ ਦਾ ਮਾਣ ਸਨਮਾਨ ਕਰੇ, ਪੰਜਾਬ ਦੀ ਸ਼ਾਂਤੀ ਅਤੇ ਉੱਨਤੀ ਲਈ ਸੁਖਾਵਾਂ ਮਾਹੌਲ ਦੇਵੇ ਅਤੇ ਜਿਸ ਨਾਲ ਸੂਬੇ ਦਾ ਭਵਿਖ ਰੋਸ਼ਨ ਹੋਵੇ।
ਉਨ੍ਹਾਂ ਕਿਹਾ ਕਿ ਇਸ ਬਾਰੇ 2027 ਦੇ ਆਉਣ ਤੱਕ ਸਭਨਾਂ ਨਾਲ ਡੂੰਘੀ ਸੋਚ ਵਿਚਾਰ ਕਰ ਕੇ ਅਤੇ ਠੋਸ ਰੂਪ ਰੇਖਾ ਤਿਆਰ ਕਰ ਕੇ ਸੰਗਤ ਨੂੰ ਜਾਣੂ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਮਰਿਆਦਾ ਅਤੇ ਰੁਤਬੇ ਦੇ ਖਿਲਾਫ ਕੀਤੀ ਗਈ ਟਿੱਪਣੀ ਦਾ ਸੰਗਤਾਂ ਨੇ ਬਹੁਤ ਬੁਰਾ ਮਨਾਇਆ ਹੈ। ਇਹ ਟਿੱਪਣੀ ਉਨ੍ਹਾਂ ਦੇ ਅਹੁਦੇ ਅਨੁਸਾਰ ਬਿਲਕੁਲ ਗੈਰ-ਵਾਜਿਬ ਹੈ ਅਤੇ ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬੀਤੇ ਦਿਨ ਇਸ ਸਬੰਧੀ ਗੱਲਬਾਤ ਹੋਈ ਹੈ। ਸਿੰਘ ਸਾਹਿਬਾਨ ਦੀ ਨਿਯੁਕਤੀ ਜਾਂ ਸੇਵਾਮੁਕਤੀ ਦੇ ਨਿਯਮ ਅਤੇ ਵਿਧੀ ਵਿਧਾਨ ਬਣਾਉਣ ’ਚ ਕੁਝ ਸਮਾਂ ਲੱਗ ਸਕਦਾ ਹੈ, ਜਲਦੀ ਅਤੇ ਇਕੱਲੀ ਸ਼੍ਰੋਮਣੀ ਕਮੇਟੀ ਦੀ ਰਾਏ ਨਾਲ ਹੀ ਵਿਧੀ ਵਿਧਾਨ ਨਹੀਂ ਬਣਾਇਆ ਜਾ ਸਕਦਾ।
ਇਹ ਦੁਨੀਆਂ ਭਰ ਦੇ ਸਿੱਖਾਂ, ਸਿੱਖ ਵਿਦਵਾਨਾਂ, ਸੰਤ ਮਹਾਂਪੁਰਸ਼ਾਂ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ ਅਤੇ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਦੀ ਸਮੁੱਚੀ ਰਾਏ ਨਾਲ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਅਸੀਂ ਪਹਿਲਾਂ ਹੀ ਜਥੇਦਾਰਾਂ ਪ੍ਰਤੀ ਵਿਧੀ ਵਿਧਾਨ ਦੀ ਮੰਗ ਕਰ ਚੁੱਕੇ ਹਾਂ। ਜੇਕਰ ਵਿਧੀ ਵਿਧਾਨ ਮੌਜੂਦ ਹੋਣਗੇ ਤਾਂ ਮਸਲੇ ਨਹੀਂ ਉੱਠਣਗੇ। ਇਸ ਸਬੰਧੀ ਪ੍ਰਧਾਨ ਧਾਮੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾ ਰਹੇ ਹਨ।
Read More : ਪੁਲਸ ਨੇ ਨਸ਼ਾ ਸਮੱਗਲਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹਿਆ