ਕਾਦੀਆਂ, 8 ਜੁਲਾਈ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਅਧੀਨ ਆਉਂਦੇ ਪਿੰਡ ਤਲਵੰਡੀ ਝੁੰਗਲਾਂ ਵਿਖੇ 14 ਸਾਲਾ ਗੁਰਸਿੱਖ ਲੜਕੇ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕਰ ਕੇ ਸਿਰ ਦੇ ਵਾਲ ਕੱਟਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੀੜਤ ਪਰਿਵਾਰ ਅਤੇ ਪਿੰਡ ਦੇ ਮੋਹਤਬਰਾਂ ਨੇ ਥਾਣਾ ਸੇਖਵਾਂ ਵਿਖੇ ਸ਼ਿਕਾਇਤ ਦੇ ਕੇ ਸਬੰਧਤ ਨੌਜਵਾਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਲੜਕੇ ਦੇ ਪਿਤਾ ਅਵਤਾਰ ਸਿੰਘ, ਮੋਹਤਬਰ ਰਘਵੰਤ ਸਿੰਘ ਲਾਲੀ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸ਼ਮਸ਼ੇਰ ਸਿੰਘ, ਜੋ ਕਿ 11ਵੀਂ ਕਲਾਸ ’ਚ ਪੜ੍ਹਦਾ ਹੈ, ਬੀਤੇ ਦਿਨੀਂ ਉਸ ਦੀ ਕੁਝ ਨੌਜਵਾਨਾਂ ਨਾਲ ਸੋਸ਼ਲ ਮੀਡੀਆ ਉੱਪਰ ਪਾਈ ਪੋਸਟ ਤੋਂ ਤੂੰ ਤੂੰ ਮੈਂ ਮੈਂ ਹੋ ਗਈ ਸੀ, ਜਿਸ ਤੋਂ ਬਾਅਦ ਉਕਤ ਨੌਜਵਾਨਾਂ ਸੁਭਾਸ਼, ਬੱਟ ਅਤੇ ਗਗਨ ਸਾਰੇ ਵਾਸੀ ਵਡਾਲਾ ਗ੍ਰੰਥੀਆਂ ਨੇ ਆਪਣੇ ਹੋਰ 8-10 ਅਣਪਛਾਤੇ ਸਾਥੀਆਂ ਨਾਲ ਸਾਡੇ ਲੜਕੇ ਸ਼ਮਸ਼ੇਰ ਸਿੰਘ ਦੀ ਪਿੰਡ ਦੀ ਫਿਰਨੀ ’ਤੇ ਆ ਕੇ ਪਹਿਲਾਂ ਕਾਫੀ ਕੁੱਟਮਾਰ ਕੀਤੀ, ਫਿਰ ਨਾਲ ਹੀ ਉਸਦੇ ਸਿਰ ਦੇ ਵਾਲ ਕੱਟ ਕੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਉਕਤ ਨੌਜਵਾਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਥਾਣਾ ਸੇਖਵਾਂ ਦੇ ਏ. ਐੱਸ. ਆਈ. ਕਰਤਾਰ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਦੇ ਪਿਤਾ ਅਵਤਾਰ ਸਿੰਘ ਦੇ ਬਿਆਨਾਂ ’ਤੇ ਸ਼ੁਭਾਸ਼, ਬੱਟ ਅਤੇ ਗਗਨ ਸਮੇਤ ਅਣਪਛਾਤਿਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Read More : ਬਠਿੰਡਾ ’ਚ ਅੱਧੀ ਰਾਤ ਨੂੰ ਡਰੱਗ ਰੈਕੇਟ ’ਤੇ ਮਾਰਿਆ ਛਾਪਾ