ਨਾਰਾਜ਼ ਪਰਿਵਾਰ ਵੱਲੋਂ ਲੜਕੇ ਦੇ ਪਿਤਾ ਅਗਵਾ
ਲੁਧਿਆਣਾ, 9 ਜੂਨ :- ਸਥਾਨਕ ਸ਼ਹਿਰ ਦੀ ਇਕ ਲੜਕੀ ਵਲੋਂ ਕਰਵਾਈ ਗਈ ਲਵ-ਮੈਰਿਜ਼ ਤੋਂ ਨਾਰਾਜ਼ ਭਰਾ ਨੇ ਆਪਣੀ ਸਾਥੀਆਂ ਅਤੇ ਰਿਸ਼ਤੇਦਾਰਾਂ ਸਮੇਤ ਲੜਕੇ ਦੇ ਘਰੋਂ ਉਸ ਦੇ ਪਿਤਾ ਨੂੰ ਅਗਵਾ ਕਰ ਲਿਆ ਅਤੇ ਆਪਣੇ ਨਾਲ ਲੈ ਕੇ ਫਰਾਰ ਹੋ ਗਏ।
ਘਟਨਾ ਥਾਣਾ ਡਾਬਾ ਅਧੀਨ ਪੈਂਦੇ ਗਿੱਲ ਕਾਲੋਨੀ ’ਚ ਰਹਿਣ ਵਾਲੇ ਜਯੰਤ ਸਿੰਘ ਨਾਲ ਵਾਪਰੀ ਸੀ, ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਯੰਤ ਦੀ ਪਤਨੀ ਸਰਿਤਾ ਦੇਵੀ ਨੇ ਦੱਸਿਆ ਕਿ ਉਸ ਦੇ ਬੇਟੇ ਸੂਰਜ ਨੇ 3 ਜੂਨ 2025 ਨੂੰ ਸਾਹਨੇਵਾਲ ਵਾਸੀ ਮਨਦੀਪ ਕੌਰ ਨਾਲ ਕੋਰਟ ਮੈਰਿਜ਼ ਕੀਤੀ ਸੀ। ਜਦ ਉਸ ਦਾ ਬੇਟਾ ਅਤੇ ਨੂੰੰਹ ਅਦਾਲਤ ’ਚ ਵਿਆਹ ਰਜਿਸਟਰਡ ਕਰਵਾਉਣ ਪੁੱਜੇ ਤਾਂ ਉਸ ਸਮੇਂ ਲੜਕੀ ਦੇ ਭਰਾ ਵਿਕਰਮਜੀਤ ਸਿੰਘ, ਜਸਵਿੰਦਰਜੀਤ ਸਿੰਘ, ਨਰਿੰਦਰ ਸਿੰਘ ਉਸ ਦਾ ਤਾਇਆ ਮਨਜੀਤ ਸਿੰਘ, ਜੋ ਕਿ ਇਸ ਲਵ ਮੈਰਿਜ਼ ਤੋਂ ਕਾਫ਼ੀ ਨਾਰਾਜ਼ ਸਨ, ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਾਫ਼ੀ ਬਹਿਸ਼ ਕੀਤੀ।
ਇਸ ਤੋਂ ਬਾਅਦ 7 ਜੂਨ ਦੀ ਰਾਤ ਨੂੰ ਲਗਭਗ 12 ਵਜੇ ਉਕਤ ਮੁਲਜ਼ਮ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆ ਧਮਕੇ ਅਤੇ ਉਨ੍ਹਾਂ ਤੋਂ ਸੂਰਜ ਅਤੇ ਮਨਦੀਪ ਸਬੰਧੀ ਪੁੱਛਣ ਲੱਗੇ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਪਤੀ ਜਯੰਤ ਸਿੰਘ ਨੂੰ ਜਬਰਦਸਤੀ ਅਗਵਾ ਕਰ ਲਿਆ ਅਤੇ ਕਾਰ ’ਚ ਸੁੱਟ ਕੇ ਆਪਣੇ ਨਾਲ ਲੈ ਗਏ।
ਘਟਨਾ ਤੋਂ ਖੌਫਜ਼ਦਾ ਪਰਿਵਾਰ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਤੁਰੰਤ ਪੁਲਸ ਨੇ ਮੁਲਜ਼ਮਾਂ ਦੇ ਟਿਕਾਣੇ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਸ ਦੇ ਵਧਦੇ ਦਬਾਅ ਤੋਂ ਡਰ ਕੇ ਮੁਲਜ਼ਮਾਂ ਨੇ ਜਯੰਤ ਸਿੰਘ ਨੂੰ ਗਿੱਲ ਨਹਿਰ ਦੇ ਕਿਨਾਰੇ ਛੱਡ ਦਿੱਤਾ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤ ਨੇ ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਮੌਕੇ ’ਤੇ ਜਾ ਕੇ ਉਸ ਨੂੰ ਸੁਰੱਖਿਅਤ ਘਰੇ ਪਹੁੰਚਾਇਆ।
ਭੈਣ ਵਲੋਂ ਕੀਤੇ ਪ੍ਰੇਮ ਵਿਆਹ ਨਾਲ ਖਫ਼ਾ ਭਰਾ ਵਿਕਰਮਜੀਤ ਸਿੰਘ ਅਤੇ ਬਾਕੀ ਰਿਸ਼ਤੇਦਾਰਾਂ ਵਲੋਂ ਲਗਾਤਾਰ ਸੂਰਜ ਅਤੇ ਮਨਦੀਪ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਸੂਰਜ ਦਾ ਦੋਸਤ ਕੁਨਾਲ ਦੇ ਰਿਹਾ ਸੀ, ਪੁਲਸ ਨੇ ਕੁਨਾਲ ਨੂੰ ਵੀ ਮਾਮਲੇ ’ਚ ਗਵਾਹ ਬਣਾਇਆ ਹੈ ਅਤੇ ਸਾਰੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Read More : ਨਹਿਰੀ ਪਾਣੀ ਦੀ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ : ਬਹਿਲ