strike

ਕਿਸਾਨ ਜਥੇਬੰਦੀਆਂ ਨੇ ਘੇਰਿਆ ਪੁਲਸ ਥਾਣਾ ਠੁੱਲੀਵਾਲ

ਝਗੜੇ ਦੇ ਮਾਮਲੇ ’ਚ ਔਰਤਾਂ ਦੀ ਗ੍ਰਿਫਤਾਰੀ ’ਤੇ ਰੋਸ, ਪੁਲਿਸ ਨੇ ਰਿਹਾਅ ਕੀਤੀਆਂ

ਮਹਿਲ ਕਲਾਂ, 16 ਸਤੰਬਰ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਠੁੱਲੀਵਾਲ ਵਿੱਚ ਪਿਛਲੇ ਦਿਨੀਂ ਦੋ ਧਿਰਾਂ ਵਿਚਕਾਰ ਹੋਏ ਝਗੜੇ ਨੂੰ ਲੈ ਕੇ ਇੱਕ ਧਿਰ ਵੱਲੋਂ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।

ਇਸ ਮੌਕੇ ਭਾਕਿਯੂ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ, ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘਵਾਲਾ, ਭਾਕਿਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਜਨਰਲ ਸਕੱਤਰ ਗਿਆਨ ਸਿੰਘ ਬਾਜਵਾ ਛਾਪਾ, ਸੁਖਵਿੰਦਰ ਸਿੰਘ ਖਿਆਲੀ, ਅਮਰਜੀਤ ਸਿੰਘ ਠੁੱਲੀਵਾਲ, ਚਰਨਜੀਤ ਸਿੰਘ ਵਜੀਦਕੇ ਅਤੇ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਪੁਲਿਸ ਵੱਲੋਂ ਝਗੜੇ ਦੇ ਮਾਮਲੇ ਵਿੱਚ ਔਰਤਾਂ ਨੂੰ ਥਾਣੇ ਲਿਆ ਕੇ ਬੇਇੱਜ਼ਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਗ੍ਰਿਫਤਾਰ ਔਰਤਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਵੀ ਹਾਜ਼ਰੀ ਭਰੀ ਅਤੇ ਸੰਘਰਸ਼ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੀਐਸਪੀ ਮਹਿਲ ਕਲਾਂ ਜਤਿੰਦਰਪਾਲ ਸਿੰਘ ਅਤੇ ਡੀਐਸਪੀ ਸਪੈਸ਼ਲ ਬਲਜੀਤ ਸਿੰਘ ਢਿੱਲੋਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਸਹਿਮਤੀ ਬਣਾਈ ਹੈ ਕਿ ਮਾਮਲੇ ਵਿੱਚ ਲੋੜੀਂਦੇ ਵਿਅਕਤੀਆਂ ਨੂੰ 24 ਘੰਟਿਆਂ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਸਹਿਮਤੀ ਤੋਂ ਬਾਅਦ ਗ੍ਰਿਫਤਾਰ ਔਰਤਾਂ ਨੂੰ ਰਿਹਾਅ ਕਰ ਦਿੱਤਾ ਗਿਆ। ਉਧਰ ਦੂਜੀ ਧਿਰ ਵੱਲੋਂ ਗੁਰਮੀਤ ਕੌਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੱਟਾਂ ਤਾਂ ਉਨ੍ਹਾਂ ਦੇ ਬੰਦਿਆਂ ਨੂੰ ਵੀ ਲੱਗੀਆਂ ਹਨ ਪਰ ਧਰਨਾ ਉਨ੍ਹਾਂ ਦੇ ਖ਼ਿਲਾਫ਼ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਅਜੇ ਤੱਕ ਗ੍ਰਿਫਤ ਤੋਂ ਬਾਹਰ ਹਨ। ਜੇਕਰ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਵੀ ਸੰਘਰਸ਼ ਤੇਜ਼ ਕਰਨਗੇ।

Read More : ਕਰਲੀਗੜ੍ਹ ਸਹਸਤਰਧਾਰਾ ਵਿਚ ਬੱਦਲ ਫਟਣ ਕਾਰਨ 2 ਲੋਕ ਲਾਪਤਾ

Leave a Reply

Your email address will not be published. Required fields are marked *