ਬਹੁਚਰਚਿਤ ਮਾਮਲੇ ’ਚ ਜ਼ਿਲਾ ਪੁਲਸ ਨੂੰ ਜਾਂਚ ਦੇ ਹੁਕਮ, 2 ਜੂਨ ਨੂੰ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਇਆ ਸੀ ਝਗੜਾ
ਮੋਗਾ, 27 ਜੁਲਾਈ :-ਮੋਗਾ ਵਿਖੇ 2 ਜੂਨ ਨੂੰ ਬਾਘਾ ਪੁਰਾਣਾ ਬਾਈਪਾਸ ਨੇੜੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਵਿਵਾਦ ਦਾ ਮਾਮਲਾ ਹੁਣ ਹਾਈਕੋਰਟ ਵਿਚ ਪੁੱਜ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਪੁਰਾਣੇ ਠੇਕੇਦਾਰ ਸੰਤੋਖ ਸਿੰਘ ਵਲੋਂ ਲੰਮੇਂ ਸਮੇਂ ਤੋਂ ਬੰਦ ਪਈ ਸੀਵਰੇਜ਼ ਦੀ ਲਾਇਨ ਨੂੰ ਜਦੋਂ ਚਾਲੂ ਕਰਵਾਇਆਂ ਜਾ ਰਿਹਾ ਸੀ ਤਾਂ ਮੌਕੇ ’ਤੇ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਪੁੱਜੇ ਸਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਠੇਕੇਦਾਰ ਨੂੰ ਨਿਗਮ ਦੇ ਕੰਮਾਂ ਵਿਚ ਪੈਣ ਤੋਂ ਰੋਕਿਆਂ ਤੇ ‘ਤੂੰ-ਤੂੰ-ਮੈਂ-ਮੈਂ’ ਮਗਰੋਂ ਇਹ ਮਾਮਲਾ ਕਾਫ਼ੀ ਵੱਧ ਗਿਆ ਸੀ।
ਠੇਕੇਦਾਰ ਸੰਤੋਖ ਸਿੰਘ ਵਲੋਂ ਇਸ ਮਾਮਲੇ ’ਚ ਇਨਸਾਫ਼ ਲਈ ਜ਼ਿਲਾ ਪੁਲਸ ਮੋਗਾ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ ਪ੍ਰੰਤੂ ਪੁਲਸ ਕਾਰਵਾਈ ਤੋਂ ਸਤੁੰਸ਼ਟ ਨਾ ਹੋਣ ਕਰ ਕੇ ਠੇਕੇਦਾਰ ਨੇ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਇਆਂ ਸੀ ਕਿਉਕਿ ਠੇਕੇਦਾਰ ਦਾ ਦੋਸ਼ ਸੀ ਕਿ ਇਸ ਮਾਮਲੇ ਵਿਚ ਪੁਲਸ ਨੇ ਕੋਈ ਤਸੱਲੀਬਖਸ਼ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ’ਤੇ ਇਸ ਮਾਮਲੇ ਵਿਚ ਲਾਪ੍ਰਵਾਹੀ ਦਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਗਿਆ ਹੈ ਅਤੇ ਆਪਣੇ ’ਤੇ ਹੋਏ ਹਮਲੇ ਸਬੰਧੀ ਇਨਸਾਫ਼ ਦੀ ਅਪੀਲ ਵੀ ਕੀਤੀ ਹੈ।
ਉਨ੍ਹਾਂ ਵੱਲੋਂ ਮੌਕੇ ’ਤੇ ਵਾਪਰੀ ਘਟਨਾ ਦੀਆਂ ਤਸਵੀਰਾਂ ਵੀ ਮਾਣਯੋਗ ਹਾਈਕੋਰਟ ਵਿਚ ਪੇਸ਼ ਕੀਤੀਆਂ ਗਈਆਂ, ਜਿਸ ਦੇ ਆਧਾਰ ’ਤੇ ਮਾਣਯੋਗ ਹਾਈ ਕੋਰਟ ਨੇ ਜ਼ਿਲਾ ਪੁਲਸ ਮੁਖੀ ਨੂੰ ਮਾਮਲੇ ਦੀ ਨਿੱਜੀ ਤੌਰ ’ਤੇ ਜਾਂਚ ਕਰਨ ਅਤੇ ਆਪਣੀ ਰਿਪੋਰਟ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਅਗਲੀ ਸੁਣਵਾਈ ਲਈ 11 ਸਤੰਬਰ 2025 ਦੀ ਤਰੀਕ ਨਿਰਧਾਰਤ ਕੀਤੀ ਹੈ।
Read More : ਜ਼ਹਿਰ ਖਾ ਕੇ ਮਰੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਸੜਕ ’ਤੇ ਰੱਖ ਕੇ ਦਿੱਤਾ ਧਰਨਾ