ਦੇਸ਼ ਦੀ ਤਰੱਕੀ, ਖੁਸ਼ਹਾਲੀ ਤੇ ਅਮਨਸ਼ਾਂਤੀ ਲਈ ਸੂਬਿਆਂ ਦਾ ਖੁਦਮੁਖਤਿਆਰ ਹੋਣਾ ਜ਼ਰੂਰੀ : ਡਾ. ਫਾਰੂਕ ਅਬਦੁੱਲਾ
ਅੰਮ੍ਰਿਤਸਰ, 11 ਅਗਸਤ : ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਇਕ ਵਫ਼ਦ ਭਾਈ ਮੇਜਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਫਰੂਕ ਅਬਦੁੱਲਾ ਨੂੰ ਮਿਲਿਆ ਅਤੇ ਘੱਟ ਗਿਣਤੀ ਭਾਈਚਾਰੇ ਦੇ ਹੱਕਾ ਤੇ ਅਧਿਕਾਰਾਂ ਸਬੰਧੀ ਗੱਲਬਾਤ ਕੀਤੀ।
ਇਸ ਮੌਕੇ ਭਾਈ ਮੇਜਰ ਸਿੰਘ ਖ਼ਾਲਸਾ ਨੇ ਕਿਹਾ ਕਿ ਸੂਬਿਆਂ ਦੀ ਖੁਸ਼ਹਾਲੀ, ਆਰਥਿਕ ਤਰੱਕੀ ਤੇ ਹਰ ਵਰਗ ਦੇ ਨਾਗਰਿਕਾਂ ਦੇ ਵਿਚਾਰਾਂ ਦੀ ਆਜ਼ਾਦੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਫੈੱਡਰੇਸ਼ਨ ਦਾ ਆਦਰਸ਼ ਰਿਹਾ ਹੈ ਇਨ੍ਹਾਂ ਦੀ ਪੂਰਤੀ ਲਈ ਫੈੱਡਰੇਸ਼ਨ ਵੱਖ-ਵੱਖ ਸਾਧਨ ਵਰਤਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਫੈੱਡਰੇਸ਼ਨ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਲੀਹਾਂ ’ਤੇ ਆਧਾਰਿਤ ਹੈ। ਫੈੱਡਰੇਸ਼ਨ ਵਲੋਂ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨਾ, ਹਰ ਮੂੰਹ ਲਈ ਰੋਟੀ, ਤਨ ਲਈ ਕੱਪੜਾ, ਰਹਿਣ ਲਈ ਮਕਾਨ ਅਤੇ ਉਨ੍ਹਾਂ ਸਾਰੀਆਂ ਸੱਭਿਆਚਾਰਕ ਲੋੜਾਂ ਦੀ ਪੂਰਤੀ ਲਈ ਵਸੀਲੇ ਪੈਦਾ ਕਰਨਾ ਜਿਸ ਦੇ ਬਗੈਰ ਜੀਵਨ ਅਧੂਰਾ ਹੈ।
ਇਸ ਮੌਕੇ ਡਾ. ਫਾਰੂਕ ਅਬਦੁੱਲਾ ਨੇ ਫੈੱਡਰੇਸ਼ਨ ਦੇ ਵਫ਼ਦ ਨੂੰ ਭਰੋਸਾ ਦਿੰਦਿਅਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਹਰ ਸਮੇਂ ਘੱਟ ਗਿਣਤੀ ਕੌਮਾਂ ਦੇ ਹੱਕੀ ਅਧਿਕਾਰਾਂ ਲਈ ਡਟਵਾਂ ਸਾਥ ਦਿੰਦੀ ਰਹੀ ਹੈ ਅਤੇ ਅੱਗੇ ਵੀ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਵਚਨਬੱਧਤਾ ਪ੍ਰਗਟਾਉਂਦੀ ਹੈ। ਉਨ੍ਹਾਂ ਨੇ ਘੱਟ ਗਿਣਤੀ ਕੌਮਾਂ ਨੂੰ ਇਕਜੁੱਟ ਹੋਣ ਲਈ ਵੀ ਅਪੀਲ ਕੀਤੀ।
ਇਸ ਸਮੇਂ ਭਾਈ ਕੁਲਦੀਪ ਸਿੰਘ, ਭਾਈ ਅਜਮੇਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਕੁੰਵਰ ਓਂਕਾਰ ਸਿੰਘ ਨਰੂਲਾ, ਭਾਈ ਦਾਰਾ ਸਿੰਘ, ਭਾਈ ਮਨਜੀਤ ਸਿੰਘ, ਜਗਦੇਵ ਸਿੰਘ ਅਜ਼ਾਦ ਤੇ ਭਾਈ ਮਣੀ ਸਿੰਘ ਆਦਿ ਆਗੂ ਹਾਜ਼ਰ ਸਨ।
Read More : ਹਿਮਾਚਲ ‘ਚ ਪੀਬੀ ਨੰਬਰ ਦੀ ਸਕਾਰਪੀਓ ਹਾਦਸਾਗ੍ਰਸਤ, ਤਿੰਨ ਜ਼ਖਮੀ