ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਅੰਤਿਮ ਸਸਕਾਰ ਕਰਨ ਤੋਂ ਨਾਂਹ
ਪਾਤੜਾਂ, 27 ਜੁਲਾਈ : ਪਿੰਡ ਨਿਆਲ ਵਿਖੇ ਬੀਤੇ ਦਿਨੀਂ ਚੋਰੀ ਦੇ ਇਲਜ਼ਾਮਾਂ ਦਾ ਸਾਹਮਣਾ ਕਰਨ ਮਗਰੋਂ ਕਥਿਤ ਤੌਰ ’ਤੇ ਟਰੱਕ ਮਾਲਕ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਨਮੋਸ਼ੀ ਨਾ ਸਹਾਰਦਿਆਂ ਸਲਫਾਸ ਖਾ ਕੇ ਮਰੇ ਦਵਿੰਦਰ ਸਿੰਘ ਉਰਫ ਗੇਜਾ ਪੁੱਤਰ ਮਲਕੀਤ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਰਾਮਾ ਸਿੰਘ ਦੀਆਂ ਲਾਸ਼ਾਂ ਸੜਕ ’ਤੇ ਰੱਖ ਕੇ ਅੱਜ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਜਨਤਕ ਜਥੇਬੰਦੀਆਂ ਨੇ ਪਿੰਡ ਨਿਆਲ ਵਿਖੇ ਪਾਤੜਾਂ-ਪਟਿਆਲਾ ਮੇਨ ਹਾਈਵੇ ’ਤੇ ਚੌਕ ’ਚ ਧਰਨਾ ਲਗਾ ਦਿੱਤਾ।
ਭਾਵੇਂ ਪਾਤੜਾਂ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਪਿਤਾ ਮਲਕੀਤ ਸਿੰਘ ਦੇ ਬਿਆਨਾਂ ’ਤੇ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਉੱਧਰ ਪੋਸਟਮਾਰਟਮ ਮਗਰੋਂ ਵਿਅਕਤੀਆਂ ਦੀਆਂ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ।
ਇਸ ਸਬੰਧੀ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਸੜਕ ’ਤੇ ਰੱਖ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਲਿਆ ਹੈ।
ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਪਿੰਡ ਦੇ ਸਰਪੰਚ ਅਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਪ੍ਰਹਿਲਾਦ ਸਿੰਘ ਨਿਆਲ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦੀ ਮੀਟਿੰਗ ਪਿੰਡ ਨਿਆਲ ਵਿਖੇ ਹੋਈ। ਇਸ ’ਚ ਕੀਤੇ ਫੈਸਲੇ ਅਨੁਸਾਰ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ, ਉੱਥੇ ਪੁਲਸ ਪ੍ਰਸ਼ਾਸਨ ਨੂੰ ਦੋਵੇਂ ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਗਈ।
ਥਾਣਾ ਮੁਖੀ ਪਾਤੜਾਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਦੇ ਬਿਆਨਾਂ ’ਤੇ ਲਖਵਿੰਦਰ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਹਰਿਆਊ ਖੁਰਦ, ਦੇਸਾ ਪੁੱਤਰ ਬੁਗਰ ਖਾਨ ਪਿੰਡ ਲਾਡਬੰਨਜਾਰਾ ਖੁਰਦ, ਲਖਵਿੰਦਰ ਸਿੰਘ ਪੁੱਤਰ ਗੇਜ ਸਿੰਘ ਪਿੰਡ ਹਰਿਆਊ ਕਲਾਂ, ਲਖਵਿੰਦਰ ਸਿੰਘ ਦਾ ਪੁੱਤਰ ਅਤੇ ਭਤੀਜੇ ਖਿਲਾਫ ਕੇਸ ਦਰਜ ਕਰ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Read More :ਕਬੂਤਰ ਚੋਰੀ ਕਰਨ ਤੇ 13 ਸਾਲ ਦੇ ਬੱਚੇ ਕਤਲ