ਨਵੀਂ ਦਿੱਲੀ, 27 ਅਕਤੂਬਰ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਜੰਗ ਵਰਗੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਸਾਲ ਮਈ ’ਚ ਪਾਕਿਸਤਾਨ ਨਾਲ 4 ਦਿਨਾਂ ਦੇ ਫੌਜੀ ਟਕਰਾਅ ਨੇ ਵਿਖਾਇਆ ਕਿ ਸਰਹੱਦਾਂ ’ਤੇ ਕੁਝ ਵੀ ਹੋ ਸਕਦਾ ਹੈ।
ਸੋਮਵਾਰ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਵੇਂ ਭਾਰਤ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿ ਨੂੰ ਸਖ਼ਤ ਜਵਾਬ ਦਿੱਤਾ ਪਰ ਇਸ ਨੂੰ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਤੇ ਭਵਿੱਖ ਦੀ ਕਾਰਵਾਈ ਲਈ ਤਿਆਰ ਰਹਿਣ ਸਬੰਧੀ ਇਕ ਕੇਸ ਸਟੱਡੀ ਵਜੋਂ ਕੰਮ ਵੇਖਣਾ ਚਾਹੀਦਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ 7 ਤੋਂ 10 ਮਈ ਤਕ ਚੱਲੇ ਆਪ੍ਰੇਸ਼ਨ ਦੌਰਾਨ ਦੇਸ਼ ’ਚ ਬਣੇ ਫੌਜੀ ਉਪਕਰਣਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੇ ਖੇਤਰੀ ਤੇ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਸਾਖ ਨੂੰ ਵਧਾਇਆ। ਅਸੀਂ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ। ਸਾਡੀਆਂ ਫੌਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹਨ, ਫਿਰ ਵੀ ਸਾਨੂੰ ਸਵੈ-ਨਿਰੀਖਣ ਜਾਰੀ ਰੱਖਣ ਦੀ ਲੋੜ ਹੈ।
ਰਾਜਨਾਥ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਦੁਨੀਆ ਨੇ ਆਕਾਸ਼ ਮਿਜ਼ਾਈਲ ਪ੍ਰਣਾਲੀ, ਬ੍ਰਹਿਮੋਸ, ਆਕਾਸ਼ਤੀਰ ਹਵਾਈ ਰੱਖਿਆ ਕੰਟਰੋਲ ਪ੍ਰਣਾਲੀ ਤੇ ਹੋਰ ਸਵਦੇਸ਼ੀ ਉਪਕਰਣਾਂ ਤੇ ਪਲੇਟਫਾਰਮਾਂ ਦੀ ਸ਼ਕਤੀ ਵੇਖੀ।
Read More : 350ਵੀਂ ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਰੋਕਣ ਦੀ ਹਰਕਤ ਸਿੱਖੀ ਵਿਰੋਧੀ ਕਾਰਵਾਈ : ਧਾਮੀ
