ਕਿਹਾ – ਸੰਕਟ ਦੀ ਘੜੀ ’ਚ ਲੋਕਾਂ ਨਾਲ ਖੜ੍ਹੀ ਹੈ ਪੰਜਾਬ ਸਰਕਾਰ
ਹੁਸ਼ਿਆਰਪੁਰ, 1 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਕਟ ਦੀ ਇਸ ਘੜੀ ਵਿਚ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਇਸ ਸੰਕਟ ਵਿਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਅੱਜ ਹੁਸ਼ਿਆਪੁਰ ਜ਼ਿਲੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ, ਮਿਆਣੀ ਦੇ ਰਾਹਤ ਕੈਂਪ ਵਿਖੇ ਰਹਿ ਰਹੇ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਆਫਤ ਨਾਲ ਸੂਬੇ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਸੂਬਾ ਸਰਕਾਰ ਨੇ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਰਾਹਤ ਲਈ ਜੰਗੀ ਪੱਧਰ ’ਤੇ ਕਾਰਜ ਵਿੱਢਿਆ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਚੁਣੌਤੀਪੂਰਨ ਸਮੇਂ ਵਿਚ ਰਾਹਤ ਕਾਰਜਾਂ ਲਈ ਪਹਿਲਾਂ ਹੀ ਵਿਆਪਕ ਪੱਧਰ ’ਤੇ ਕਦਮ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਜ਼ਿਲਿਆਂ ਵਿਚ ਲੋਕਾਂ ਨੂੰ ਸੰਕਟ ਵਿਚੋਂ ਕੱਢਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨੀਵੇਂ ਇਲਾਕਿਆਂ ਵਿਚੋਂ ਲੋਕਾਂ ਨੂੰ ਕੱਢਣ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਦੇਣ ਲਈ ਪਹਿਲਾਂ ਹੀ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁਦਰਤੀ ਆਫਤ ਨਾਲ ਪੈਦਾ ਹੋਈ ਸਥਿਤੀ ’ਤੇ ਉਹ ਨਿਰੰਤਰ ਨਜ਼ਰ ਰੱਖ ਰਹੇ ਹਨ।
ਸੀ. ਐੱਮ. ਮਾਨ ਨੇ ਹੜ੍ਹ ਪ੍ਰਭਾਵਿਤ ਰੜਾ ਪੁਲ ਨੇੜੇ ਜ਼ਮੀਨੀ ਪੱਧਰ ’ਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਭਾਰਤ ਸਰਕਾਰ ਕੋਲ ਸੂਬੇ ਦੇ ਰੁਕੇ ਹੋਏ 60,000 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲ ਵਿਚ ਆਏ ਹੜ੍ਹਾਂ ਨਾਲ 1000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲੱਖਾਂ ਲੋਕਾਂ ਦਾ ਜਨ-ਜੀਵਨ ਲੀਹੋਂ ਲਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਵਿਚ ਆਏ ਹੜ੍ਹਾਂ ਨਾਲ 1000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲੱਖਾਂ ਲੋਕਾਂ ਦਾ ਜਨ-ਜੀਵਨ ਲੀਹੋਂ ਲਹਿ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਨਾਲ 10 ਤੋਂ ਵੱਧ ਜ਼ਿਲਿਆਂ ਵਿਚ ਹੜ੍ਹ ਆਏ ਹਨ। ਉਨ੍ਹਾਂ ਕਿਹਾ ਕਿ ਸਥਿਤੀ ਗੰਭੀਰ ਹੋ ਰਹੀ ਹੈ ਅਤੇ ਇਹ ਹੋਰ ਵੀ ਚਿੰਤਾਜਨਕ ਹੈ ਕਿ ਆਉਂਦੇ ਦਿਨਾਂ ਵਿਚ ਹਾਲਾਤ ਹੋਰ ਖਰਾਬ ਹੋ ਸਕਦੇ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਜਸਬੀਰ ਸਿੰਘ ਰਾਜਾ ਗਿੱਲ, ਕਰਮਵੀਰ ਸਿੰਘ ਘੁੰਮਣ, ਡੀ.ਆਈ.ਜੀ. ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸ.ਐੱਸ. ਪੀ. ਸੰਦੀਪ ਕੁਮਾਰ ਮਲਿਕ, ਸਾਬਕਾ ਚੇਅਰਮੈਨ ਹਰਮੀਤ ਔਲਖ, ਕਰਮਜੀਤ ਕੌਰ ਅਤੇ ਹੋਰ ਵੀ ਮੌਜੂਦ ਸਨ।
Read More : ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਨੇ ਹੜ੍ਹ ਪੀੜਤਾਂ ਲਈ ਦਿਖਾਈ ਇਕਜੁੱਟਤਾ