11 ਨੂੰ ਹੋਣ ਵਾਲੇ ਇਜਲਾਸ ’ਚ ਲਿਆ ਜਾ ਸਕਦੈ ਵੱਡਾ ਫੈਸਲਾ
ਅੰਮ੍ਰਿਤਸਰ, 10 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦੇ ਨਵੇਂ ਪ੍ਰਧਾਨ ਬਣ ਸਕਦੇ ਹਨ।
ਜਾਣਕਾਰੀ ਅਨੁਸਾਰ ਸੀਨੀਅਰ ਆਗੂਆਂ ਨੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਮਨਾ ਲਿਆ ਹੈ ਅਤੇ ਕੱਲ ਭਰਤੀ ਕਮੇਟੀ ਦੀ ਮੀਟਿੰਗ ’ਚ ਇਸ ਬਾਰੇ ਅੰਤਿਮ ਫੈਸਲਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਕਮੇਟੀ ਦੇ ਮੈਂਬਰਾਂ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ’ਤੇ ਪੂਰੀ ਸਹਿਮਤੀ ਬਣ ਚੁੱਕੀ ਹੈ। ਹਾਲਾਂਕਿ, ਦੋ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਥਾਂ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।
ਦੱਸਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਆਪਣੇ ਇੰਟਰਨੈੱਟ ਮੀਡੀਆ ਅਕਾਊਂਟ ’ਤੇ ਪ੍ਰਧਾਨਗੀ ਲੈਣ ਤੋਂ ਪਿੱਛੇ ਹਟਣ ਦੀ ਗੱਲ ਕਹੀ ਸੀ। ਪਾਰਟੀ ਦੇ ਪ੍ਰਧਾਨ ਅਹੁਦੇ ਲਈ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬੀਬੀ ਸਤਵੰਤ ਕੌਰ ਵੀ ਕਤਾਰ ਵਿਚ ਹਨ।
ਗਿਆਨੀ ਹਰਪ੍ਰੀਤ ਨੇ ਆਖਿਆ ਸੀ ਕਿ ਉਹ ਪ੍ਰਧਾਨ ਅਹੁਦੇ ਦੀ ਦੌੜ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਭਿੰਡਰਾਂਵਾਲੇ ਦੇ ਸਾਥੀ ਅਮਰੀਕ ਸਿੰਘ ਦੀ ਪੁੱਤਰੀ ਸਤਵੰਤ ਕੌਰ ਵੀ ਦੌੜ ਵਿਚ ਹੈ। ਉਹ ਉਨ੍ਹਾਂ ਦਾ ਆਦਰ ਕਰਦੇ ਹਨ, ਇਸ ਲਈ ਉਹ ਪਿੱਛੇ ਹਟ ਰਹੇ ਹਨ ਪਰ ਇਸ ਬਾਰੇ ਪੂਰੀ ਤਰ੍ਹਾਂ ਨਾਲ ਸਪਸ਼ਟ ਸੋਮਵਾਰ ਦੇ ਹੋਣ ਵਾਲੇ ਇਜਲਾਸ ਵਿੱਚ ਹੀ ਪਤਾ ਲੱਗ ਸਕੇਗਾ।
Read More : ਮੁੱਖ ਮੰਤਰੀ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ