ਧਨੌਲਾ, 24 ਸਤੰਬਰ : ਚੰਡੀਗੜ੍ਹ ਬਠਿੰਡਾ ਰਾਜ ਮਾਰਗ ’ਤੇ ਧਨੌਲਾ ਨਜ਼ਦੀਕ ਇਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਡਰੇਨ ’ਚ ਡਿੱਗਣ ਉਪਰੰਤ ਅੱਗ ਲੱਗਣ ਨਾਲ ਚਾਲਕ ਦੇ ਜਿੰਦਾ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਇਕ ਨੌਜਵਾਨ ਜੋ ਆਪਣੀ ਕਾਰ ’ਤੇ ਸਵਾਰ ਹੋ ਕੇ ਸੰਗਰੂਰ ਤੋਂ ਰਾਮਪੁਰਾ ਵੱਲ ਜਾ ਰਿਹਾ ਸੀ, ਜਿਵੇਂ ਹੀ ਉਹ ਦਾਨਗੜ੍ਹ ਰੋਡ ਦੇ ਕੱਟ ਕੋਲ ਪਹੁੰਚਿਆ ਤਾਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਡਰੇਨ ’ਚ ਡਿੱਗ ਗਈ ਅਤੇ ਡਿੱਗਣ ਤੋਂ ਬਾਅਦ ਉਸਨੂੰ ਅੱਗ ਲੱਗ ਗਈ। ਇਸ ਦੌਰਨ ਕਿਸੇ ਰਾਹਗੀਰ ਨੇ ਪਲਸ ਨੂੰ ਸੂਚਿਤ ਕੀਤਾ ਤਾਂ ਸਹਾਇਕ ਥਾਣੇਦਾਰ ਜਸਵੀਰ ਸਿੰਘ ਤੇ ਸੀਨੀਅਰ ਸਿਪਾਹੀ ਰੇਸ਼ਮ ਸਿੰਘ ਮੌਕੇ ’ਤੇ ਪਹੁੰਚੇ।
ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਰਾਹਗੀਰਾਂ ਦੇ ਸਹਿਯੋਗ ਸਦਕਾ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਚਾਲਕ ਝੁਲਸ ਗਿਆ ਸੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਨੀ ਸਿੰਘ ਪੁੱਤਰ ਰਾਮ ਸਿੰਘ ਵਾਸੀ ਜਾਖਲ ਰੋਡ ਸੁਨਾਮ ਵਜੋਂ ਹੋਈ ਹੈ।
ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਮੁਰਦਾਘਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਅਤੇ ਮ੍ਰਿਤਕ ਦੇ ਵਾਰਿਸਾਂ ਨੂੰ ਇਤਲਾਹ ਦਿੱਤੀ ਗਈ। ਮ੍ਰਿਤਕ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਹਨੀ ਸਿੰਘ ਅਜੇ ਕੁਆਰਾ ਸੀ ਅਤੇ ਡਰਾਈਵਰੀ ਕਰਦਾ ਸੀ। ਬੀਤੀ ਰਾਤ ਵੀ ਉਹ ਆਪਣੀ ਚਚੇਰੀ ਭੈਣ ਨੂੰ ਰਾਮਪੁਰੇ ਮਿਲਣ ਜਾ ਰਿਹਾ ਸੀ ਅਤੇ ਰਸਤੇ ’ਚ ਇਹ ਹਾਦਸਾ ਵਾਪਰ ਗਿਆ।
Read More : ਘਰ ਵਿਚ ਲੱਗੀ ਅੱਗ, ਦਾਦੀ-ਪੋਤੇ ਦੀ ਮੌਤ