ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਬਟਾਲਾ, 13 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ’ਚ ਜੱਸਾ ਸਿੰਘ ਰਾਮਗੜ੍ਹੀਆ ਹਾਲ ਦੇ ਨਜ਼ਦੀਕ ਕਰਵਾਚੌਥ ਵਾਲੇ ਦਿਨ ਕੁਝ ਵਿਅਕਤੀਆਂ ਵੱਲੋਂ ਤਬਾੜਤੋੜ ਗੋਲੀਆਂ ਚਲਾਈਆਂ ਗਈਆਂ ਸਨ, ਜਿਸਦੇ ਚਲਦਿਆਂ ਜਿਥੇ 2 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਇਸ ਘਟਨਾ ਦੇ ਰੋਸ ਵਜੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸੰਗਠਨਾਂ ਵੱਲੋਂ ਬਟਾਲਾ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸਨੂੰ ਸ਼ਹਿਰ ਵਾਸੀਆਂ ਵੱਲੋਂ ਸਮਰਥਨ ਮਿਲਿਆ।
ਅੱਜ ਬਟਾਲਾ ਬੰਦ ਦੀ ਕਾਲ ਦੌਰਾਨ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਬਾਲ ਠਾਕਰੇ, ਸ਼ਿਵ ਸੈਨਾ ਸਮਾਜਵਾਦੀ, ਬਜਰੰਗ ਦਲ, ਆਜ਼ਾਦ ਪਾਰਟੀ ਆਦਿ ਸੰਗਠਨਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਰੋਸ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਦੇ ਗਾਂਧੀ ਚੌਂਕ ’ਚ ਇਕੱਠੇ ਹੋ ਕੇ ਧਰਨਾ-ਪ੍ਰਦਰਸ਼ਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅੱਜ ਦੇ ਅੰਦਰੂਨੀ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਵੀ ਬੰਦ ਦਾ ਸਮਰਥਨ ਕੀਤਾ ਗਿਆ। ਇਹ ਬੰਦ ਦੀ ਕਾਲ ਦੁਪਹਿਰ 2 ਵਜੇ ਤੱਕ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਵਲੋਂ ਦਿੱਤੀ ਗਈ ਸੀ।

ਇਸ ਬੰਦ ਦੌਰਾਨ ਬਟਾਲਾ ਦੇ ਸਿਟੀ ਰੋਡ, ਨਹਿਰੂ ਗੇਟ, ਚੱਕਰੀ ਬਾਜ਼ਾਰ, ਟਿੱਬਾ ਬਾਜਾਰ, ਕਿਲਾ ਮੰਡੀ, ਸਮਾਧ ਰੋਡ, ਸਰਕੁੂਲਰ ਰੋਡ, ਸਿਨੇਮਾ ਰੋਡ ਆਦਿ ਇਲਾਕਿਆਂ ’ਚ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ। ਜਦਕਿ ਜਲੰਧਰ ਰੋਡ, ਸ੍ਰੀ ਹਰਗੋਬਿੰਦਪੁਰ ਰੋਡ, ਡੇਰਾ ਰੋਡ, ਸ਼ਾਸਤਰੀ ਨਗਰ, ਜੀ. ਟੀ. ਰੋਡ ਆਦਿ ’ਤੇ ਦੁਕਾਨਾਂ ਅਤੇ ਵਪਾਰਿਕ ਅਦਾਰੇ ਖੁੱਲ੍ਹੇ ਰਹੇ।
ਇਸ ਦੌਰਾਨ ਸ਼ਹਿਰ ’ਚ ਪੁਲਸ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਲਈ ਕਿਹਾ ਗਿਆ। ਉੱਥੇ ਅੱਜ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਵੱਲੋਂ ਵੀ ਆਪਣੀ ਗੱਡੀ ’ਚ ਸ਼ਹਿਰ ਦਾ ਚੱਕਰ ਲਗਾਇਆ ਗਿਆ। ਓਧਰ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਇੰਚਾਰਜ ਰਾਜੀਵ ਮਹਾਜਨ ਨੂੰ ਪੁਲਸ ਵੱਲੋਂ ਘਰ ’ਚ ਹੀ ਨਜ਼ਰਬੰਦ ਰੱਖਿਆ ਗਿਆ।
ਇਸ ਮੌਕੇ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡ. ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ’ਚ ਕਾਰਜ਼ਕਾਲ ’ਚ ਸੂਬੇ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ , ਸਿਟੀ ਕਾਂਗਰਸੀ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਲੋਕਾ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਅਸਫਲ ਰਿਹਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਟਾਲਾ ਤੋਂ ਇੰਚਾਰਜ ਨਰੇਸ਼ ਮਹਾਜਨ ਅਤੇ ਸੀਨੀਅਰ ਆਗੂ ਰਾਘਵ ਮਹਾਜਨ ਨੇ ਸ਼੍ਰੋਮਣੀ ਅਕਾਲੀ ਦਲ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹਾ ਹੈ। ਰਮੇਸ਼ ਨਈਅਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ ਦਿਵਾਉਣਾ ਚਾਹੀਦਾ ਹੈ।
Read More : 15 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ : ਸਿਹਤ ਮੰਤਰੀ