ਬਸਤੀ ਰਾਮਲਾਲ ਤੋਂ ਪਿੰਡ ਕਿਲਚੇ ਤੱਕ ਧੁੱਸੀ ਬੰਨ੍ਹ ਵੀ ਕਮਜ਼ੋਰ ਹੋਣ ਲੱਗਾ
ਫਿਰੋਜ਼ਪੁਰ, 27 ਅਗਸਤ :–ਸਤਲੁਜ ਦਰਿਆ ’ਚ ਲਗਾਤਾਰ ਪਾਣੀ ਦੇ ਵੱਧ ਰਹੇ ਤੇਜ਼ ਵਹਾਅ ਦੇ ਕਾਰਨ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਇਸ ਸਮੇਂ ਹੁਸੈਨੀਵਾਲਾ ਹੈੱਡਵਰਕਸ ’ਤੇ ਪਾਣੀ ਦਾ ਆਊਟਸਟ੍ਰੀਮ ਡਿਸਚਾਰਜ 2 ਲੱਖ 60 ਹਜ਼ਾਰ 359 ਕਿਊਸਿਕ ਅਤੇ ਅੰਡਰਸਟਰੀਮ ਡਿਸਚਾਰਜ 2 ਲੱਖ 58 ਹਜ਼ਾਰ 859 ਕਿਊਸਿਕ ਹੈ। ਜਿਵੇਂ-ਜਿਵੇਂ ਦਰਿਆ ’ਚ ਪਾਣੀ ਦੀ ਸਪੀਡ ਤੇਜ਼ ਹੋ ਰਹੀ ਹੈ, ਉਵੇਂ-ਉਵੇਂ ਆਸ-ਪਾਸ ਦੇ ਪਿੰਡਾਂ ’ਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ।
ਮੌਜੂਦਾ ਸਥਿਤੀ ’ਚ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਪੁਲ ਵੀ ਦਰਿਆ ਦੇ ਪਾਣੀ ਨਾਲ ਨੁਕਸਾਨਿਆ ਜਾਣ ਲੱਗਾ ਹੈ। ਇਹ ਉਹ ਪੁਲ ਹੈ, ਜੋ ਲੱਗਭਗ 15 ਪਿੰਡਾਂ ਨੂੰ ਜੋੜਦਾ ਹੈ ਅਤੇ ਸਾਲ 2023 ’ਚ ਆਏ ਹੜ੍ਹ ਦੌਰਾਨ ਇਸ ਪੁੱਲ ਦੇ ਟੁੱਟਣ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਤੋਂ ਬਾਅਦ ਇਸ ਪੁੱਲ ਨੂੰ ਕਾਇਮ ਰੱਖਣ ਲਈ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਮੌਜੂਦਾ ਸਮੇਂ ’ਚ ਇਸ ਬੰਨ੍ਹ ਦੀ ਹਾਲਤ ਵੀ ਨਾਜ਼ੁਕ ਹੁੰਦੀ ਜਾ ਰਹੀ ਹੈ।
ਦੂਜੇ ਪਾਸੇ ਬਸਤੀ ਰਾਮਲਾਲ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਬਸਤੀ ਰਾਮਲਾਲ ਤੋਂ ਬਸਤੀ ਕਿਲਚੇ ਤੱਕ ਧੁੱਸੀ ਬੰਨ੍ਹ ਵੀ ਕਮਜ਼ੋਰ ਹੁੰਦਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਬੰਨ੍ਹ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਜੇਕਰ ਫਿਰੋਜ਼ਪੁਰ ਸ਼ਹਿਰ ਨੂੰ ਹੜ੍ਹਾਂ ਤੋਂ ਬਚਾਉਣਾ ਹੈ ਤਾਂ ਇਸ ਬੰਨ੍ਹ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
Read More : 10 ਫੁੱਟ ਤੱਕ ਪੁੱਜਾ ਭਾਖੜਾ ਬੰਨ੍ਹ ਦਾ ਜਲ ਪੱਧਰ