AAP MLA

ਪੰਜਾਬ ਦੀ ਅਫਸਰਸ਼ਾਹੀ ਖਿਲਾਫ ਫੁੱਟਿਆ ਸੱਤਾਧਾਰੀ ‘ਆਪ’ ਵਿਧਾਇਕ ਦਾ ਗੁੱਸਾ

ਪਟਿਆਲਾ, 31 ਅਗਸਤ : ਪੰਜਾਬ ਵਿਚ ਬੇਲਗਾਮ ਹੋਈ ਅਫਸਰਸ਼ਾਹੀ ਖਿਲਾਫ ਹੁਣ ਲਾਵਾ ਫੁੱਟਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਰਿਸ਼ਤੇਦਾਰ ਹਰਮੀਤ ਸਿੰਘ ਪਠਾਣਮਾਜਰਾ ਖੁੱਲ੍ਹ ਕੇ ਪੰਜਾਬ ਦੀ ਅਫਸਰਸ਼ਾਹੀ ਖਿਲਾਫ ਆ ਗਏ ਹਨ। ਪੰਜਾਬ ’ਚ ਹੜ੍ਹਾਂ ਕਾਰਨ ਹਲਕਾ ਸਨੌਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਭੁੰਨਰਹੇੜੀ ਤੇ ਦੇਵੀਗੜ੍ਹ ਬੈਲਟ ਦੇ ਦਰਜ਼ਨਾਂ ਪਿੰਡ ਪਾਣੀ ਵਿਚ ਡੁੱਬੇ ਹੋਏ ਹਨ ਅਤੇ ਲੱਖਾਂ ਏਕੜ ਝੋਨੇ ਦੀ ਫਸਲ ਖਰਾਬ ਹੋ ਗਈ ਹੈ।

ਸੋਸ਼ਲ ਮੀਡੀਆ ’ਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਧਾਇਕਾਂ ਖਿਲਾਫ ਜੰਮ ਕੇ ਭੜਾਸ ਕੱਢ ਰਹੇ ਹਨ। ਜਦੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਣ ਲਈ ਪਹੁੰਚੇ ਤਾਂ ਲੋਕਾਂ ਨੇ ਸਵਾਲਾਂ ਦੀਆਂ ਬੌਛਾਰਾਂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ’ਚ ਸਰਕਾਰ ਦਾ ਕੋਈ ਦੋਸ਼ ਨਹੀਂ। ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਸਮੇਂ ਸਿਰ ਪੰਜਾਬ ਦੀਆਂ ਬਰਸਾਤੀ ਨਦੀਆਂ, ਡਰੇਨਾਂ ਅਤੇ ਨਾਲਿਆਂ ਦੀ ਸਫਾਈ ਨਹੀਂ ਕਰਵਾਈ, ਜਿਸ ਕਰ ਕੇ ਹੀ ਪੰਜਾਬ ’ਚ ਤਬਾਹੀ ਆਈ ਹੈ ਅਤੇ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਆਪਣੀਆਂ ਉੱਚੀਆਂ ਜ਼ਮੀਨਾਂ ’ਚੋਂ ਮਿੱਟੀ ਪੁੱਟ ਕੇ ਆਪਣੀਆਂ ਨੀਵੀਆਂ ਜ਼ਮੀਨਾਂ ’ਚ ਪਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਇਹ ਆਪਣੇ ਹੀ ਖੇਤਾਂ ਵਿਚੋਂ ਮਿੱਟੀ ਨਹੀਂ ਪੁੱਟਣ ਦਿੰਦੇ ਅਤੇ ਮਾਈਨਿੰਗ ਦੇ ਨਾਂ ’ਤੇ ਲੋਕਾਂ ’ਤੇ ਪਰਚੇ ਕਰਦੇ ਹਨ।

ਪੰਜਾਬ ਦਾ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਹੈ। ਪਹਿਲਾਂ ਇਸ ਅਧਿਕਾਰੀ ਨੇ ਉਸ ਸਮੇਂ ਨਹਿਰਾਂ ’ਚ ਪਾਣੀ ਛੱਡ ਦਿੱਤਾ, ਜਦੋਂ ਕਣਕ ਦੀ ਫਸਲ ਪੱਕੀ ਖੜ੍ਹੀ ਸੀ, ਜਿਸ ਕਰ ਕੇ ਲੋਕਾਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਫੈਸਲਾ ਲੈਣਾ ਪਵੇਗਾ ਕਿ ਉਸ ਨੂੰ ਅਜਿਹੇ ਅਧਿਕਾਰੀਆਂ ਦੀ ਜ਼ਰੂਰਤ ਹੈ ਜਾਂ ਪੰਜਾਬ ਦੇ ਲੋਕਾਂ ਦੀ।

ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਬਾਦਲ ਸਰਕਾਰ ਨੂੰ ਵੀ ਅਫਸਰਾਂ ਨੇ ਮਰਵਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਕ ਸਾਬਕਾ ਆਈ. ਏ. ਐੱਸ. ਨੂੰ ‘ਸੀ. ਐੱਮ.’ ਬਣਾ ਕੇ ਰੱਖਿਆ, ਜਿਸ ਕਰ ਕੇ ਪੰਜਾਬ ਦੇ ਲੋਕਾਂ ਨੇ ਬਾਦਲਾਂ ਅਤੇ ਕੈਪਟਨ ਦੋਨਾਂ ਨੂੰ ਮਾਂਜ ਕੇ ਆਮ ਆਦਮੀ ਪਾਰਟੀ ਨੂੰ ਸੱਤਾ ’ਤੇ ਬਿਠਾਇਆ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਫਸਰਾਂ ਦੇ ਅੱਗੇ ਨਤਮਸਤਕ ਹੋ ਗਈ ਲੱਗਦਾ ਹੈ। ਪੰਜਾਬ ਨੂੰ ਚੁਣੇ ਹੋਏ ਨੁਮਾਇੰਦੇ ਨਹੀਂ, ਸਗੋਂ ਅਫਸਰ ਚਲਾ ਰਹੇ ਹਨ। ਇਨ੍ਹਾਂ ਅਫਸਰਾਂ ਨੂੰ ਜ਼ਮੀਨਾਂ ਹਕੀਕਤਾਂ ਬਾਰੇ ਕੁਝ ਨਹੀਂ ਪਤਾ। ਹੁਣ ਫੈਸਲਾ ਮੁੱਖ ਮੰਤਰੀ ਨੇ ਕਰਨਾ ਹੈ ਕਿ ਉਹ ਅਜਿਹੇ ਅਫਸਰਾਂ ਦੇ ਨਾਲ ਹਨ ਜਾਂ ਪੰਜਾਬ ਦੇ ਲੋਕਾਂ ਦੇ ਨਾਲ।

ਮੈਨੂੰ ਪਾਰਟੀ ’ਚੋਂ ਕੱਢਣ ਜਾਂ ਜੇਲ ਭੇਜਣ ਕੋਈ ਫਰਕ ਨਹੀਂ, ਮੈਂ ਲੋਕਾਂ ਨਾਲ : ਪਠਾਣਮਾਜਰਾ

ਇਕ ਸਵਾਲ ਦੇ ਜਵਾਬ ’ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਪੱਸ਼ਟ ਕੀਤਾ ਕਿ ਜੇਕਰ ਸੱਚ ਬੋਲਣ ਲਈ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਿਆ ਜਾਂਦਾ ਹੈ ਜਾਂ ਜੇਲ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਪਰਵਾਹ ਨਹੀਂ ਕਰਨਗੇ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਵਿਧਾਇਕ ਬਣਾਇਆ, ਮੈਂ ਉਨ੍ਹਾਂ ਦੀ ਵਕਾਲਤ ਹਰ ਹਾਲਤ ’ਚ ਕਰਾਂਗਾ। ਪਾਰਟੀ ਦੇ ਸਮੁੱਚੇ ਵਿਧਾਇਕ ਹੀ ਬੇਲਗਾਮ ਅਫਸਰਸ਼ਾਹੀ ਤੋਂ ਦੁੱਖੀ ਹਨ ਪਰ ਉਹ ਖੁੱਲ੍ਹ ਕੇ ਬੋਲ ਨਹੀਂ ਸਕਦੇ।

ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਫੀਲਡ ਵਿਚ ਜਾਣਾ ਪੈਂਦਾ ਹੈ ਅਤੇ ਲੋਕ ਵਿਧਾਇਕਾਂ ਦੇ ਗਲ ਪੈਂਦੇ ਹਨ, ਇਸ ਲਈ ਉਹ ਲੋਕਾਂ ਦੇ ਨਾਲ ਖੜ੍ਹਣਗੇ ਕਿਉਂਕਿ ਇਹੀ ਲੋਕ ਜਿਤਾਉਂਦੇ ਹਨ। ਜੇਕਰ ਲੋਕਾਂ ਨਾਲ ਨਾ ਖੜ੍ਹੇ ਹੋਏ ਤਾਂ ਸਾਡੀ ਪਾਰਟੀ ਦਾ ਵੀ ਕੈਪਟਨ ਅਮਰਿੰਦਰ ਸਿੰਘ, ਚੰਨੀ ਅਤੇ ਬਾਦਲਾਂ ਵਰਗਾ ਹਾਲ ਹੋਵੇਗਾ।

Read More : ਬਿਪਤਾ ਦੀ ਘੜੀ ਵਿਚ ਭਾਜਪਾ ਆਗੂਆਂ ਦੀ ਚੁੱਪ ਹੈਰਾਨ ਕਰਨ ਵਾਲੀ : ਅਮਨ ਅਰੋੜਾ

Leave a Reply

Your email address will not be published. Required fields are marked *