ਪੁਲਸ ਵੱਲੋਂ ਜਵਾਬੀ ਕਾਰਵਾਈ ’ਚ ਮੁਲਜ਼ਮ ਗੋਲੀ ਲੱਗਣ ਕਾਰਨ ਹੋਇਆ ਜ਼ਖਮੀ : ਡੀ. ਐੱਸ. ਪੀ. ਸੰਜੀਵ ਕੁਮਾਰ
ਬਟਾਲਾ, 13 ਨਵੰਬਰ : ਪਿੰਡ ਕਲੇਰ ਕਲਾਂ ਅਤੇ ਕੁੰਝਰ ਦੇ ਵਿਚਕਾਰ ਨਹਿਰ ਦੇ ਕੋਲ ਇਕ ਮੁਲਜ਼ਮ ਨੂੰ ਪਿਸਟਲ ਦੀ ਰਿਕਵਰੀ ਕਰਵਾਉਣ ਦੌਰਾਨ ਲੈ ਕੇ ਗਈ ਥਾਣਾ ਸੇਖਵਾਂ ਦੀ ਪੁਲਸ ’ਤੇ ਉਕਤ ਵਿਅਕਤੀ ਨੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਉਕਤ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੇ ਨਿਰਦੇਸ਼ਾਂ ਤਹਿਤ ਬੀਤੇ ਦਿਨ ਪੁਲਸ ਨੇ ਵਿਜੇ ਵਾਸੀ ਸਤਕੋਹਾ ਨੂੰ ਇਕ ਨਾਜਾਇਜ਼ ਪਿਸਟਲ ਅਤੇ 3 ਰੌਂਦਾਂ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸੇਖਵਾਂ ’ਚ ਕੇਸ ਦਰਜ ਕੀਤਾ ਸੀ। ਪੁਲਸ ਵਲੋਂ ਵਿਜੇ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪੁਲਸ ਨੇ ਇਕ ਵਿਅਕਤੀ ਮਲਕੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਾਹਰਪੁਰ ਖੱਦਰ ਥਾਣਾ ਕਲਾਨੌਰ ਨੂੰ ਇਸ ਕੇਸ ’ਚ ਨਾਮਜ਼ਦ ਕੀਤਾ ਸੀ।
ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤ ਦਾਲਮ ਨਾਲ ਸਬੰਧ ਸਨ ਅਤੇ ਉਹ ਅੰਮ੍ਰਿਤ ਦਾਲਮ ਦੇ ਕਹਿਣ ’ਤੇ ਲੋਕਾਂ ਤੋਂ ਫਿਰੌਤੀ ਦੀ ਮੰਗ ਕਰਦਾ ਸੀ ਅਤੇ ਪੈਸੇ ਨਾ ਦੇਣ ਵਾਲਿਆਂ ’ਤੇ ਫਾਇਰਿੰਗ ਵੀ ਕਰਦਾ ਸੀ। ਉਕਤ ਮੁਲਜ਼ਮ ਵੱਲੋਂ ਬੀਤੇ ਦਿਨੀ ਵੀ ਕਲਾਨੌਰ ’ਚ ਇਕ ਹਸਪਤਾਲ ’ਤੇ ਫਾਇਰਿੰਗ ਕੀਤੀ ਗਈ ਸੀ।
ਇਸ ਦੌਰਾਨ ਥਾਣਾ ਸੇਖਵਾਂ ਦੀ ਪੁਲਸ ਵੱਲੋਂ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਮਲਕੀਤ ਸਿੰਘ ਨੇ ਪੁਲਸ ਨੇ ਦੱਸਿਆ ਕਿ ਉਸਨੇ ਇਕ ਪਿਸਟਲ ਪਿੰਡ ਕਲੇਰ ਕਲਾਂ ਅਤੇ ਕੰੁਝਰ ਦੇ ਵਿਚਕਾਰ ਨਹਿਰ ਦੇ ਕੋਲ ਲੁੱਕਾ ਕੇ ਰੱਖਿਆ ਹੋਇਆ ਹੈ।
ਅੱਜ ਜਦ ਪੁਲਸ ਉਸਨੂੰ ਨਾਲ ਲੈ ਕੇ ਪਿਸਟਲ ਦੀ ਰਿਕਵਰੀ ਕਰਵਾਉਣ ਲਈ ਪਿੰਡ ਕਲੇਰ ਕਲਾਂ ਅਤੇ ਕੰੁਝਰ ਦੇ ਵਿਚਕਾਰ ਨਹਿਰ ਦੇ ਕੋਲ ਪਹੁੰਚੀ ਤਾਂ ਪੁਲਸ ਨੇ ਉਸਨੂੰ ਪਿਸਟਲ ਦੀ ਬਰਾਮਦਗੀ ਲਈ ਛੱਡਿਆ ਤਾਂ ਉਕਤ ਮੁਲਜ਼ਮ ਨਹਿਰ ਦੇ ਕੋਲ ਲੁੱਕਾ ਕੇ ਰੱਖੇ ਪਿਸਟਲ ਨਾਲ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।
ਇਸ ਤੋਂ ਬਾਅਦ ਐੱਸ. ਐੱਚ. ਓ. ਰਾਜਵਿੰਦਰ ਕੌਰ ਦੇ ਰੀਡਰ-ਕਮ-ਗੰਨਮੈਨ ਵਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਤੋਂ ਬਾਅਦ ਇਕ ਗੋਲੀ ਮਲਕੀਤ ਸਿੰਘ ਦੀ ਖੱਬੀ ਲੱਤ ’ਚ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਰਾਜਵਿੰਦਰ ਕੌਰ ਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।
Read More : ਹੁਣ ਬਿਨਾ ਆਗਿਆ ਤੋਂ ਵਿਦੇਸ਼ ਨਹੀਂ ਜਾ ਸਕਣਗੇ ਸਰਪੰਚ-ਪੰਚ
