RDX

ਢਾਈ ਕਿਲੋ ਆਰ.ਡੀ.ਐਕਸ ਨਾਲ ਅੱਤਵਾਦੀ ਟਿੱਡੀ ਗ੍ਰਿਫਤਾਰ

ਪਿਸਤੌਲ ਵੀ ਬਰਾਮਦ, ਨਹਿਰ ਕੰਢੇ ਲੁਕਾਇਆ ਸੀ ਧਮਾਕਾਖੇਜ਼ ਯੰਤਰ

ਪਾਕਿਸਤਾਨ ਸਮੇਤ ਅਰਮੀਨੀਆ, ਬ੍ਰਿਟੇਨ ਅਤੇ ਜਰਮਨੀ ਤੋਂ ਮਿਲਦੇ ਸੀ ਨਿਰਦੇਸ਼ : ਡੀ.ਜੀ.ਪੀ.

ਅੰਮ੍ਰਿਤਸਰ, 25 ਅਕਤੂਬਰ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇਕ ਗੁਪਤ ਆਪ੍ਰੇਸ਼ਨ ਦੌਰਾਨ ਖਤਰਨਾਕ ਅੱਤਵਾਦੀ ਮਨਪ੍ਰੀਤ ਸਿੰਘ ਉਰਫ ਟਿੱਡੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ’ਚੋਂ ਹਾਈ ਗ੍ਰੇਡ ਆਰ. ਡੀ. ਐੱਕਸ ਨਾਲ ਭਰੇ 2 ਇੰਪ੍ਰੋਵਾਈਜ਼ਡ ਧਮਾਕਾਖੇਜ਼ ਯੰਤਰ, ਇਕ 30 ਬੋਰ ਦਾ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਫਿਲਹਾਲ ਪੁਲਸ ਨੇ ਕੇਸ ਦਰਜ ਕਰ ਕੇ ਅੱਤਵਾਦੀ ਟਿੱਡੀ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ।

ਇਹ ਜਾਣਕਾਰੀ ਸ਼ਨੀਵਾਰ ਨੂੰ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਟਿੱਡੀ ਵਾਸੀ ਪਿੰਡ ਕੋਟਲਾ ਤਰਖਾਣਾ ਅੰਮ੍ਰਿਤਸਰ ਵਜੋਂ ਹੋਈ ਹੈ। ਉਕਤ ਵਿਅਕਤੀ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਤੇ ਉਸ ਵਿਰੁੱਧ ਥਾਣਾ ਸਦਰ ਬਟਾਲਾ ਤੇ ਕਲਾਨੌਰ ’ਚ 2 ਅਪਰਾਧਿਕ ਮਾਮਲੇ ਦਰਜ ਹਨ। ਗੁਰਦਾਸਪੁਰ ਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ’ਚ ਲਗਭਗ ਡੇਢ ਸਾਲ ਦੀ ਸਜ਼ਾ ਉਪਰੰਤ ਉਸ ਨੂੰ ਫਰਵਰੀ 2025 ’ਚ ਰਿਹਾਅ ਕੀਤਾ ਗਿਆ ਸੀ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਅਰਮੀਨੀਆ, ਯੂਨਾਈਟਿਡ ਕਿੰਗਡਮ (ਯੂਕੇ) ਅਤੇ ਜਰਮਨੀ ਅਧਾਰਿਤ ਆਪਣੇ ਹੈਂਡਲਰਾਂ ਜਿਨ੍ਹਾਂ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਪਾਕਿਸਤਾਨ ਅਧਾਰਤ ਮਾਸਟਰਮਾਈਂਡ ਤੋਂ ਨਿਰਦੇਸ਼ ਮਿਲ ਰਹੇ ਹਨ, ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ।

ਏ. ਆਈ. ਜੀ. ਐੱਸ. ਐੱਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਐੱਸ. ਐੱਸ. ਓ.ਸੀ. ਅੰਮ੍ਰਿਤਸਰ ਦੀ ਟੀਮ ਨੇ ਸ਼ੱਕੀ ਮਨਪ੍ਰੀਤ ਸਿੰਘ ਉਰਫ਼ ਟਿੱਡੀ ਨੂੰ ਗ੍ਰਿਫ਼ਤਾਰ ਕਰ ਕੇ ਕਬਜ਼ੇ ’ਚੋਂ .30 ਬੋਰ ਦੇ ਇਕ ਪਿਸਤੌਲ ਸਮੇਤ ਗੋਲੀ ਸਿੱਕਾ ਬਰਾਮਦ ਕੀਤਾ। ਦੋਸ਼ੀ ਵੱਲੋਂ ਕੀਤੇ ਖੁਲਾਸੇ ਉਪਰੰਤ ਪਿੰਡ ਕੋਟਲਾ ਤਰਖਾਣਾ ਦੇ ਖੇਤਰ ਤੋਂ 2 ਆਈਈਡੀਜ਼, ਜੋ ਕਿ ਹਾਈ ਗ੍ਰੇਡ ਆਰਡੀਐਕਸ ਨਾਲ ਧਾਤ ਦੇ ਕੰਟੇਨਰਾਂ ’ਚ ਪੈਕ ਕੀਤੀਆਂ ਗਈਆਂ ਸਨ ਤੇ ਧਮਾਕੇ ਲਈ ਟਾਈਮਰਾਂ ਨਾਲ ਲੈਸ ਹਨ, ਵੀ ਬਰਾਮਦ ਕੀਤੀਆਂ।

ਏ.ਆਈ.ਜੀ. ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਲਗਭਗ ਦੋ ਹਫ਼ਤੇ ਪਹਿਲਾਂ ਜ਼ਬਤ ਕੀਤੀ ਗਈ ਇਹ ਖੇਪ ਪਾਕਿਸਤਾਨ ਅਧਾਰਤ ਹੈਂਡਲਰ ਵੱਲੋਂ ਅਜਨਾਲਾ ਸੈਕਟਰ ਵਿੱਚ ਡਰੋਨ ਰਾਹੀਂ ਭੇਜੀ ਗਈ ਸੀ ਅਤੇ ਇਹ ਖੇਪ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਪ੍ਰਾਪਤ ਕਰਕੇ ਆਪਣੇ ਪਿੰਡ ਕੋਟਲਾ ਤਰਖਾਣਾ ਦੇ ਨੇੜੇ ਇੱਕ ਨਹਿਰ ਕੋਲ ਛੁਪਾ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਉਸਦੇ ਹੈਂਡਲਰਾਂ ਨੇ ਉਸ ਨੂੰ ਤਿਆਰ ਰਹਿਣ ਅਤੇ ਇਸ ਆਈਈਡੀਜ਼ ਦੀ ਟੀਚਾਗਤ ਵਰਤੋਂ ਲਈ ਕਿਸੇ ਹੋਰ ਵਿਅਕਤੀ ਨੂੰ ਡਿਲੀਵਰ ਕਰਨ ਵਾਸਤੇ ਅਗਲੇ ਆਦੇਸ਼ਾਂ ਦੀ ਉਡੀਕ ਕਰਨ ਲਈ ਕਿਹਾ ਸੀ।

Read More : ਸੁਨਿਆਰੇ ਦੀ ਦੁਕਾਨ ’ਤੇ ਫਾਇਰਿੰਗ ਕਰਨ ਵਾਲੇ ਪਿਓ-ਪੁੱਤ ਗ੍ਰਿਫ਼ਤਾਰ

Leave a Reply

Your email address will not be published. Required fields are marked *