ਗੁਰਦਾਰਪੁਰ ਖਬਰ

ਗੁਰਦਾਸਪੁਰ ਗ੍ਰਨੇਡ ਹਮਲੇ ਵਿਚ ਸ਼ਾਮਲ 4 ਮੁਲਜ਼ਮਾਂ ਦੀ ਗ੍ਰਿਫਤਾਰੀ ਸਦਕਾ ਅੱਤਵਾਦੀ ਹਮਲਾ ਟਲਿਆ

ਹੈਂਡ ਗ੍ਰਨੇਡ, 2 ਪਿਸਤੌਲ ਬਰਾਮਦ

ਗੁਰਦਾਸਪੁਰ, 2 ਦਸੰਬਰ : ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਗੁਰਦਾਸਪੁਰ ਗ੍ਰਨੇਡ ਹਮਲੇ ਨਾਲ ਸਬੰਧਤ ਚਾਰ ਮੁਲਜ਼ਮਾਂ ਨੂੰ ਇੱਕ ਪੀ-86 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ , ਜਿਨ੍ਹਾਂ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਹੁਸ਼ਿਆਰਪੁਰ , ਗੁਰਦਿੱਤ ਵਾਸੀ ਗੁਰਦਾਸਪੁਰ, ਨਵੀਨ ਚੌਧਰੀ ਅਤੇ ਕੁਸ਼ ਦੋਵੇਂ ਵਾਸੀ ਤਲਵਾੜਾ (ਹੁਸ਼ਿਆਰਪੁਰ) ਵਜੋਂ ਹੋਈ ਹੈ, ਇਨ੍ਹਾਂ ਤੋਂ 2 ਪਿਸਤੌਲਾਂ ਅਤੇ ਇਕ .32 ਬੋਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਦਾਸਪੁਰ ਪੁਲਿਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਦਾ ਆਈਐਸਆਈ-ਸਮਰਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀ ਜ਼ੀਸ਼ਾਨ ਅਖਤਰ ਨੇ ਆਪਣੇ ਅਮਰੀਕਾ ਦੇ ਹੈਂਡਲਰ ਅਮਨਦੀਪ ਸਿੰਘ ਉਰਫ਼ ਅਮਨ ਪੰਨੂ , ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ, ਦੀ ਸਹਾਇਤਾ ਨਾਲ ਰਚੀ ਸੀ ।

ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸ਼ਹਿਜ਼ਾਦ ਭੱਟੀ ਅਤੇ ਜ਼ੀਸ਼ਾਨ ਅਖਤਰ ਦੇ ਨਿਰਦੇਸ਼ਾਂ ’ਤੇ ਅਮਨ ਪੰਨੂ , ਸਰਹੱਦੀ ਸੂਬੇ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਕਾਰਕੁੰਨਾਂ ਦੀ ਭਰਤੀ ਵੀ ਕਰ ਰਿਹਾ ਸੀ।

ਇਹ ਜ਼ਿਕਰਯੋਗ ਹੈ ਕਿ ਇਸ ਮਾਡਿਊਲ ਨੇ 25 ਨਵੰਬਰ, 2025 ਨੂੰ ਸ਼ਾਮ 7.30 ਵਜੇ ਦੇ ਕਰੀਬ ਗੁਰਦਾਸਪੁਰ ਸਿਟੀ ਪੁਲਿਸ ਸਟੇਸ਼ਨ ’ਤੇ ਗ੍ਰਨੇਡ ਹਮਲਾ ਕੀਤਾ ਸੀ।

ਡੀਆਈਜੀ ਨੇ ਕਿਹਾ ਕਿ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਪ੍ਰਦੀਪ ਅਤੇ ਗੁਰਦਿੱਤ ਵਜੋਂ ਪਛਾਣੇ ਗਏ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਪੁਲਿਸ ਸਟੇਸ਼ਨ ’ਤੇ ਗ੍ਰਨੇਡ ਸੁੱਟਣ ਵਾਲੇ ਦੋਸ਼ੀਆਂ – ਹਰਗੁਨ, ਵਿਕਾਸ ਅਤੇ ਮੋਹਨ – ਨੂੰ ਵਿੱਤੀ ਅਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਸੀ । ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਵੱਲੋਂ ਦੋ ਦੋਸ਼ੀ ਵਿਅਕਤੀਆਂ ਹਰਗੁਨ ਅਤੇ ਵਿਕਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਪ੍ਰਦੀਪ ਅਤੇ ਗੁਰਦਿੱਤ ਨੇ ਨਵੀਨ ਚੌਧਰੀ ਅਤੇ ਕੁਸ਼, ਜਿਨ੍ਹਾਂ ਨੂੰ ਜ਼ੀਸ਼ਾਨ ਅਖਤਰ ਵੱਲੋਂ ਭੇਜੇ ਗਏ ਦੋ ਹੈਂਡ ਗ੍ਰਨੇਡ ਮਿਲੇ ਸਨ, ਦੀ ਭੂਮਿਕਾ ਬਾਰੇ ਖੁਲਾਸਾ ਕੀਤਾ। ਇਨ੍ਹਾਂ ਵਿੱਚ ਇੱਕ ਗ੍ਰਨੇਡ ਉਨ੍ਹਾਂ ਨੇ ਸ਼ਹਿਜ਼ਾਦ ਭੱਟੀ ਦੇ ਨਿਰਦੇਸ਼ਾਂ ’ਤੇ ਗੁਰਦਾਸਪੁਰ ਪੁਲਿਸ ਥਾਣੇ ’ਤੇ ਗ੍ਰਨੇਡ ਸੁੱਟਣ ਵਾਲੇ ਮਾਡਿਊਲ ਨੂੰ ਸੌਂਪ ਦਿੱਤਾ ਸੀ।

ਡੀਆਈਜੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਮੁਲਜ਼ਮ ਦਹਿਸ਼ਤ ਫੈਲਾਉਣ ਅਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਇੱਕ ਹੋਰ ਗ੍ਰਨੇਡ ਹਮਲੇ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਿਸ ਵੱਲੋਂ ਦੂਸਰੇ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਭਾਵਤ ਹਮਲਾ ਟਲ ਗਿਆ।

ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਜਗਤਪੁਰ ਨੇੜੇ ਸ਼ੱਕੀ ਨਵੀਨ ਚੌਧਰੀ ਅਤੇ ਕੁਸ਼ ਦੀ ਮੌਜੂਦਗੀ ਦਾ ਪਤਾ ਲੱਗਦੇ ਹੋਏ ਨਾਕਾ ਲਾਇਆ। ਇਸ ਦੌਰਾਨ ਨਾਕੇ ’ਤੇ ਰੋਕੇ ਜਾਣ ’ਤੇ ਦੋਵਾਂ ਸ਼ੱਕੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਅਤੇ ਸਵੈ-ਰੱਖਿਆ ਵਿੱਚ ਪੁਲਿਸ ਟੀਮਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਚਲਦਿਆਂ ਨਵੀਨ ਅਤੇ ਕੁਸ਼ ਜ਼ਖਮੀ ਹੋ ਗਏ। ਇਸ ਸਮੇਂ ਉਹ ਜ਼ੇਰੇ-ਇਲਾਜ ਹਨ।

ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਇਸ ਘਟਨਾਕ੍ਰਮ ਤੋਂ ਬਾਅਦ ਸਬੰਧਤ ਥਾਂ ਨੂੰ ਸੀਲ ਕਰਕੇ ਇਸਨੂੰ ਸੈਨੇਟਾਈਜ਼ ਕਰਨ ਅਤੇ ਬੰਬ ਨੂੰ ਬੇਅਸਰ ਕਰਨ ਲਈ ਬੰਬ ਡਿਸਪੋਜ਼ਲ ਟੀਮ ਨੂੰ ਬੁਲਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਵਿਖੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

Read More : ਲੁਟੇਰਿਆਂ ਨੇ ਕਰਿਆਨਾ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Leave a Reply

Your email address will not be published. Required fields are marked *