ਸ਼ਾਮਲੀ, 8 ਨਵੰਬਰ : ਪਾਣੀਪਤ-ਖਟੀਮਾ ਰਾਜਮਾਰਗ ਸਥਿਤ ਬੁਟਰਾੜਾ ਫਲਾਈਓਵਰ ’ਤੇ ਸ਼ੁੱਕਰਵਾਰ ਦੇਰ ਰਾਤ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਸਵਿਫਟ ਕਾਰ ਦੇ ਕੈਂਟਰ ਹੇਠਾਂ ਵੜਨ ਕਾਰਨ 4 ਦੋਸਤਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਾਰੀਆਂ ਲਾਸ਼ਾਂ ਕਾਰ ਵਿਚ ਫਸ ਗਈਆਂ। ਸੂਚਨਾ ਮਿਲਣ ’ਤੇ ਬਾਬਰੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਖ਼ਤ ਮਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ।
ਮ੍ਰਿਤਕਾਂ ਦੀ ਪਛਾਣ ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਬਰੌਦਾ ਮੋੜ ਪਿੰਡ ਨਿਵਾਸੀ ਸਾਹਿਲ (22), ਆਸ਼ੀਸ (24), ਪਰਮਜੀਤ (24) ਅਤੇ ਵਿਵੇਕ (22) ਵਜੋਂ ਹੋਈ ਹੈ। ਪੁਲਸ ਨੇ ਮੋਬਾਈਲ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਘਰਾਂ ਵਿਚ ਹਫੜਾ-ਦਫੜੀ ਮਚ ਗਈ।
ਏ. ਐੱਸ. ਪੀ. ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਕਾਰ ’ਚੋਂ ਕੁਝ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। ਚਾਰੇ ਨੌਜਵਾਨ ਹਰਿਆਣਾ ਤੋਂ ਮੁਜ਼ੱਫਰਨਗਰ ਵੱਲ ਜਾ ਰਹੇ ਸਨ। ਮ੍ਰਿਤਕ ਸਾਹਿਲ ਦੇ ਦਾਦਾ ਅਰਜੁਨ ਨੇ ਕੈਂਟਰ ਚਾਲਕ ਵਿਰੁੱਧ ਬਾਬਰੀ ਥਾਣੇ ਵਿਚ ਮੁਕੱਦਮਾ ਦਰਜ ਕਰਵਾਇਆ ਹੈ।
ਹਾਦਸੇ ਦਾ ਦਰਦਨਾਕ ਪਹਿਲੂ ਇਹ ਹੈ ਕਿ ਮ੍ਰਿਤਕ ਪਰਮਜੀਤ ਦਾ ਐਤਵਾਰ ਨੂੰ ਵਿਆਹ ਸੀ ਜਦਕਿ ਸਾਹਿਲ ਦਾ ਇਸੇ ਸਾਲ ਫਰਵਰੀ ’ਚ ਵਿਆਹ ਹੋਇਆ ਸੀ ਅਤੇ ਆਸ਼ੀਸ ਦਾ ਵਿਆਹ 4 ਦਸੰਬਰ ਨੂੰ ਤੈਅ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਬੰਧਤ ਪਰਿਵਾਰ ਸੋਗ ਵਿਚ ਡੁੱਬ ਗਏ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਫਿਰੋਜ਼ਪੁਰ ਅਤੇ ਮਾਨਸਾ ਚੈਂਪੀਅਨ
