ਕਿਹਾ-ਪੰਜਾਬ ਦੇ ਸੂਰਮੇ ਸਿਰਫ਼ ਅਮੀਰਾਂ ਦੇ ਨਹੀਂ, ਗਰੀਬ ਮਾਵਾਂ ਦੀਆਂ ਕੁੱਖਾਂ ‘ਚੋਂ ਵੀ ਜਨਮੇ ਹਨ
ਚੰਡੀਗੜ੍ਹ, 11 ਮਾਰਚ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਮਹਿਲਾਵਾਂ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ‘ਤੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਪੰਜਾਬ ਦੀਆਂ ਔਰਤਾਂ ਦੇ ਮਾਣ-ਸਨਮਾਨ ਅਤੇ ਉਨ੍ਹਾਂ ਦੀ ਸਮਰੱਥਾ ‘ਤੇ ਇੱਕ ਵੱਡੀ ਸੱਟ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਮਹਿਲਾਵਾਂ ਨੂੰ ₹1500 ਮਹੀਨਾ ਦੇਣ ਦਾ ਇਤਿਹਾਸਕ ਫੈਸਲਾ ਉਨ੍ਹਾਂ ਦੀ ਆਰਥਿਕ ਆਜ਼ਾਦੀ ਲਈ ਲਿਆ ਗਿਆ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ਵਿਰੋਧੀ ਧਿਰ ਇਸ ਭਲਾਈ ਸਕੀਮ ਦਾ ਸਵਾਗਤ ਕਰਨ ਦੀ ਬਜਾਏ ਮਹਿਲਾਵਾਂ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ।
ਖਹਿਰਾ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਮਹਾਨ ਨਾਇਕ ਅਤੇ ਸੂਰਮੇ ਸਿਰਫ਼ ਅਮੀਰ ਘਰਾਂ ਵਿੱਚ ਹੀ ਪੈਦਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਹ ਮਾਵਾਂ ਸਭ ਤੋਂ ਵੱਡੀਆਂ ਸੂਰਮੇ ਹਨ, ਜਿਨ੍ਹਾਂ ਨੇ ਅਤਿ ਦੀ ਗਰੀਬੀ ਵਿੱਚ ਰਹਿ ਕੇ ਵੀ ਦੇਸ਼ ਨੂੰ ਮਹਾਨ ਹੀਰੋ ਦਿੱਤੇ ਹਨ।
ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਡਾ. ਬਲਜੀਤ ਕੌਰ ਨੇ ਉਨ੍ਹਾਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਾਲੇ ਇਤਿਹਾਸ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੂਜਿਆਂ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਪੀੜ੍ਹੀ-ਦਰ-ਪੀੜ੍ਹੀ ਰਵੱਈਏ ‘ਤੇ ਆਤਮ-ਮੰਥਨ ਕਰਨਾ ਚਾਹੀਦਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸੁਖਪਾਲ ਖਹਿਰਾ ਅਤੇ ਕਾਂਗਰਸ ਪਾਰਟੀ ਪੰਜਾਬ ਦੀਆਂ ਮਹਿਲਾਵਾਂ ਤੋਂ ਜਨਤਕ ਤੌਰ ‘ਤੇ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਮਹਿਲਾਵਾਂ ਦੀ ਆਵਾਜ਼ ਲਗਾਤਾਰ ਉੱਠਦੀ ਰਹੇਗੀ।
ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਮਹਿਲਾ-ਹਿਤੈਸ਼ੀ ਸਕੀਮਾਂ (ਜਿਵੇਂ ਮੁਫ਼ਤ ਬੱਸ ਸਫ਼ਰ) ਦਾ ਸਤਿਕਾਰ ਕੀਤਾ ਹੈ, ਪਰ ਵਿਰੋਧੀ ਧਿਰ ਲੋਕ-ਪੱਖੀ ਨੀਤੀਆਂ ਨੂੰ ਬਰਦਾਸ਼ਤ ਨਾ ਕਰ ਸਕਣ ਕਾਰਨ ਹੁਣ ਨੀਵੇਂ ਪੱਧਰ ਦੀ ਰਾਜਨੀਤੀ ‘ਤੇ ਉਤਰ ਆਈ ਹੈ।
Read More : ‘ਬੰਦੂਆ ਮਜ਼ਦੂਰ’ ਕਹਿਣਾ ਪੰਜਾਬ ਦੀ ਕਿਰਤ ਅਤੇ ਮਿਹਨਤਕਸ਼ ਲੋਕਾਂ ਦਾ ਅਪਮਾਨ : ਹਰਪਾਲ ਚੀਮਾ
