ਕਿਹਾ-ਤਰਨਤਾਰਨ ’ਚ ਅਕਾਲੀ ਦਲ ਨੂੰ ਪਈਆਂ ਵੋਟਾਂ ਪਾਰਟੀ ਦੇ ਹੱਕ ’ਚ ਨਹੀਂ ਸਗੋਂ ਲੋਕਾਂ ਵੱਲੋਂ ਡਰ ਦੇ ਮਾਹੌਲ ’ਚ ਪਾਈਆਂ
ਚੰਡੀਗੜ੍ਹ, 16 ਨਵੰਬਰ : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਗੁੰਡਾਗਰਦੀ ਕਰਨ ਤੇ ਸਿਆਸਤ ਦਾ ਅਪਰਾਧੀਕਰਨ ਕਰਨ ਦੇ ਦੋਸ਼ ਲਾਏ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਇਕ ਗੈਂਗਸਟਰ ਦੀ ਸੱਸ ਨੂੰ ਟਿਕਟ ਦੇ ਕੇ ਤਰਨਤਾਰਨ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਅਤੇ ਲੋਕਾਂ ਨੂੰ ਧਮਕੀਆਂ ਦੇ ਕੇ ਵੋਟਾਂ ਹਾਸਲ ਕੀਤੀਆਂ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਇਕ ਗੈਂਗਸਟਰ ਦੀ ਸੱਸ ਨੂੰ ਉਮੀਦਵਾਰ ਬਣਾ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਵਿੱਖ ’ਚ ਕੋਈ ਵੀ ਗੈਂਗਸਟਰ ਫੋਨ ਕਰ ਕੇ, ਧਮਕਾ ਕੇ, ਸਰਪੰਚ ਤੇ ਕੌਂਸਲਰ ਬਣਾ ਕੇ ਆਪਣੇ ਰਿਸ਼ਤੇਦਾਰ ਨੂੰ ਵਿਧਾਇਕੀ ਦੀ ਟਿਕਟ ਦਿਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਹਲਕੇ ’ਚ ਪ੍ਰਚਾਰ ਕਰ ਰਿਹਾ ਸੀ ਤਾਂ ਲੋਕ ਬੁਰੀ ਤਰ੍ਹਾਂ ਡਰੇ ਹੋਏ ਸਨ। ਜਦੋਂ ਅਸੀਂ ਲੋਕਾਂ ਨੂੰ ਵੋਟ ਦੀ ਅਪੀਲ ਕਰਦੇ ਸੀ ਤਾਂ ਲੋਕ ਸਾਨੂੰ ਹੱਥ ਜੋੜ ਕੇ ਕਹਿੰਦੇ ਸਨ ਕਿ ਸਾਨੂੰ ਫੋਨ ਆਉਂਦੇ ਹਨ, ਸਾਡੇ ਵੱਲ ਨਾ ਆਓ। ਲੋਕਾਂ ਨੂੰ ਧਮਕੀਆਂ ਮਿਲੀਆਂ ਕਿ ਜੇ ਅਕਾਲੀ ਦਲ ਨੂੰ ਵੋਟ ਨਾ ਪਾਈ ਤਾਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਵਾਂਗੇ।
ਉਨ੍ਹਾਂ ਕਿਹਾ ਕਿ ਤਰਨਤਾਰਨ ’ਚ ਅਕਾਲੀ ਦਲ ਨੂੰ ਪਈਆਂ ਵੋਟਾਂ ਪਾਰਟੀ ਦੇ ਹੱਕ ’ਚ ਨਹੀਂ ਸਗੋਂ ਲੋਕਾਂ ਵੱਲੋਂ ਡਰ ਦੇ ਮਾਹੌਲ ’ਚ ਪਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਸ ‘ਤਰਨਤਾਰਨ ਮਾਡਲ’ ਨੂੰ ਪੂਰੇ ਪੰਜਾਬ ‘ਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਸਰਪੰਚ ਸੋਨੂੰ ਚੀਮਾ ਦੇ ਕਤਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮਾਮਲੇ ‘ਚ ਦਰਜ ਐੱਫ.ਆਈ.ਆਰ. ‘ਚ ਅਕਾਲੀ ਉਮੀਦਵਾਰ ਦੇ ਜਵਾਈ ਦਾ ਨਾਂ ਹੈ। ਇਸੇ ਤਰ੍ਹਾਂ ਸਰਪੰਚ ਲਾਲੂ ਘੁੰਮਣ ਦਾ ਕਤਲ ਵੀ ਗੈਂਗਸਟਰਾਂ ਨੇ ਸਿਰਫ਼ ਇਸ ਲਈ ਕਰ ਦਿੱਤਾ ਕਿਉਂਕਿ ਉਸ ਨੇ ਗੈਂਗਸਟਰਾਂ ਦੇ ਪਸੰਦੀਦਾ ਬੰਦੇ ਦੀ ਹਮਾਇਤ ਨਹੀਂ ਸੀ ਕੀਤੀ।
ਉਨ੍ਹਾਂ ਕਿਹਾ ਕਿ ਅਕਾਲੀ ਉਮੀਦਵਾਰ ਨੂੰ ਟਿਕਟ ਹੀ ਇਸ ਆਧਾਰ ‘ਤੇ ਦਿੱਤੀ ਗਈ ਕਿ ਗੈਂਗਸਟਰਾਂ ਨੇ ਧਮਕੀਆਂ ਦੇ ਕੇ 40 ਸਰਪੰਚ ਤੇ 8 ਕੌਂਸਲਰ ਜਿਤਾਏ ਸਨ, ਜੋ ਸਾਰੇ ਡਰ ਦੇ ਮਾਰੇ ਮਦਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ’ਚ ਗੈਂਗਸਟਰ ਬਣੇ ਹਨ ਤਾਂ ਉਹ ਪੁਰਾਣੀਆਂ ਅਕਾਲੀ-ਕਾਂਗਰਸ ਸਰਕਾਰਾਂ ਦੀ ਦੇਣ ਹਨ।
Read More :ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ
