ਸ੍ਰੀ ਮੁਕਤਸਰ ਸਾਹਿਬ, 22 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਜਨਾਲਾ ਦੇ ਹੜ੍ਹ ਮਾਰੇ ਇਲਾਕਿਆਂ ਵਿਚ ਵੰਡਣ ਵਾਸਤੇ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ ਕੀਤੇ ਅਤੇ ਰਣਜੀਤ ਸਾਗਰ ਡੈਮ ਅਤੇ ਮਾਧੋਪੁਰ ਹੈੱਡਵਰਕਸ ’ਤੇ ਕੁਪ੍ਰਬੰਧਨ, ਜਿਸ ਕਾਰਨ ਹੜ੍ਹ ਆਏ, ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਸ ਹਲਕੇ ਦੇ ਵੜਿੰਗ ਪਿੰਡ ਤੋਂ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ ਕੀਤੇ, ਨੇ ਇਹ ਵੀ ਦੱਸਿਆ ਕਿ ਟਰੱਕਾਂ ਵਿਚ ਤੂੜੀ ਵੀ ਹੜ੍ਹ ਪ੍ਰਭਾਵਤ ਇਲਾਕਿਆਂ ਵਾਸਤੇ ਰਵਾਨਾ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਕੁਝ ਲੱਖ ਏਕੜ ਜ਼ਮੀਨ ਨੂੰ ਹੜ੍ਹਾਂ ਦੀ ਮਹਾਂਮਾਰੀ ਤੋਂ ਬਚਾਇਆ ਹੈ। ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡੇ ਜਾਣ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਹੜ੍ਹਾਂ ਤੋਂ 20 ਦਿਨ ਪਹਿਲਾਂ ਪਾਣੀ ਨਹੀਂ ਛੱਡਿਆ। ਅਕਾਲੀ ਦਲ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰੀ ਤੈਅ ਕੀਤੇ ਜਾਣ ਤੇ ਦੋਸ਼ੀ ਨੁੰ ਸਜ਼ਾ ਦੇਣ ਦੀ ਮੰਗ ਕਰਦਾ ਹੈ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਫੇਲ੍ਹ ਕਰਨ ਵਾਸਤੇ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਪਹਿਲਾਂ ਤਾਂ ਹੜ੍ਹਾਂ ਦੀ ਰੋਕਥਾਮ ਵਾਸਤੇ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਫਿਰ ਜਦੋਂ ਹੜ੍ਹ ਆਏ ਤਾਂ ਸੂਬੇ ਵਿਚੋਂ ਸਰਕਾਰ ਗਾਇਬ ਹੋ ਗਈ।
ਬਾਦਲ ਨੇ ਕਿਹਾ ਕਿ ਇਸ ਵਾਸਤੇ ਹੀ ਉਨ੍ਹਾਂ ਫੈਸਲਾ ਕੀਤਾ ਕਿ ਉਹ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਉਹਨਾਂ ਕਿਹਾ ਕਿ ਉਹ ਪਾਰਟੀ ਦੇ ਅਹੁਦੇਦਾਰਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਇਸ ਪਹਿਲਕਦਮੀ ਵਿਚ ਮਦਦ ਕੀਤੀ। ਅਸੀਂ ਹਜ਼ਾਰਾਂ ਲੀਟਰ ਡੀਜ਼ਲ ਅਤੇ ਹੋਰ ਲੋੜੀਂਦੀ ਮਦਦ ਹੜ੍ਹ ਮਾਰੇ ਲੋਕਾਂ ਨੂੰ ਪ੍ਰਦਾਨ ਕੀਤੀ ਹੈ। ਹੁਣ ਅਸੀਂ ਮੱਕੀ ਦਾ ਅਚਾਰ ਤੇ ਤੂੜੀ ਪ੍ਰਦਾਨ ਕਰਨੀ ਸ਼ੁਰੂ ਕੀਤੀ ਹੈ ਜੋ ਸਾਨੂੰ 8 ਕਰੋੜ ਰੁਪਏ ਵਿਚ ਪੈ ਰਹੀ ਹੈ।
ਉਹਨਾਂ ਕਿਹਾ ਕਿ ਅਸੀਂ ਇਕ ਲੱਖ ਏਕੜ ਵਿਚ ਬਿਜਾਈ ਵਾਸਤੇ ਸਰਟੀਫਾਈਡ ਬੀਜ ਪ੍ਰਦਾਨ ਕਰਨ ਦਾ ਵੀ ਫੈਸਲਾ ਕੀਤਾ ਹੈ ਤੇ ਨਾਲ ਹੀ ਅਸੀਂ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਵੀ ਪ੍ਰਦਾਨ ਕਰਾਂਗੇ। ਉਹਨਾਂ ਇਹ ਵੀ ਦੱਸਿਆ ਕਿ ਅਕਾਲੀ ਦਲ ਦੇ ਯੂਥ ਵਰਕਰ ਪ੍ਰਭਾਵਤ ਇਲਾਕਿਆਂ ਵਿਚ ਇਕ ਮਹੀਨੇ ਤੱਕ ਡੀਫੌਗਿੰਗ ਕਰਨਗੇ।
Read More : ਸਿਵਲ ਹਸਪਤਾਲ ਦੇ ਬਲੱਡ ਬੈਂਕ ‘ਚ ਅੱਗ ਲੱਗ