ਗੋਨਿਆਣਾ ਰੈਲੀ ’ਚ ਬਾਦਲ ਪਰਿਵਾਰ ਦਾ ‘ਆਪ’ ਅਤੇ ਕਾਂਗਰਸ ’ਤੇ ਤਿੱਖਾ ਹਮਲਾ; ਵਿਕਾਸ ਦੇ ਵੱਡੇ ਵਾਅਦੇ
ਭੁੱਚੋ, 7 ਮਾਰਚ : ‘ਪੰਜਾਬ ਬਚਾਓ, 2027 ’ਚ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਓ’ ਦੇ ਨਾਅਰੇ ਹੇਠ ਅੱਜ ਗੋਨਿਆਣਾ ਦੀ ਨਵੀਂ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਰੈਲੀ ਕੀਤੀ ਗਈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕਰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਸੂਬਾ ‘ਜੰਗਲ ਰਾਜ’ ਵੱਲ ਵਧ ਰਿਹਾ ਹੈ।
ਸੁਖਬੀਰ ਬਾਦਲ ਨੇ ਭੁੱਚੋ ਹਲਕੇ ਨਾਲ ਆਪਣੇ ਪੁਰਾਣੇ ਨਿੱਜੀ ਰਿਸ਼ਤੇ ਨੂੰ ਯਾਦ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਹੀ ਇਸ ਇਲਾਕੇ ’ਚ ਨਹਿਰਾਂ, ਸੜਕਾਂ ਅਤੇ ਮੋਟਰ ਕੁਨੈਕਸ਼ਨ ਦੇ ਕੇ ਖੇਤੀਬਾੜੀ ਨੂੰ ਮਜ਼ਬੂਤੀ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ’ਚ ਪੰਜਾਬ ਦੀ ਤਰੱਕੀ ਰੁਕ ਗਈ ਹੈ। ਅੱਜ ਸੂਬੇ ’ਚ ਕਤਲ, ਗੈਂਗਸਟਰਵਾਦ ਅਤੇ ਫਿਰੌਤੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੇ ਕੁਝ ਆਗੂ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ ਅਤੇ ਪੁਲਸ ਦੀ ਕਾਰਵਾਈ ’ਚ ਦਖ਼ਲ ਦਿੰਦੇ ਹਨ।
ਬਾਦਲ ਨੇ ਐਲਾਨ ਕੀਤਾ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸ਼ਗਨ ਸਕੀਮ 1 ਲੱਖ ਰੁਪਏ, ਬੁਢਾਪਾ ਪੈਨਸ਼ਨ 3100 ਰੁਪਏ ਮਹੀਨਾ ਅਤੇ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨਹਿਰੀ ਪਾਣੀ ਲਈ ਅੰਡਰਗਰਾਊਂਡ ਪਾਈਪਾਂ ਪਾਉਣ ਅਤੇ ਰਾਜਸਥਾਨ ਜਾਣ ਵਾਲੇ ਵਾਧੂ ਪਾਣੀ ਨੂੰ ਰੋਕ ਕੇ ਪੰਜਾਬ ਦੇ ਕਿਸਾਨਾਂ ਨੂੰ ਦੇਣ ਦਾ ਵਾਅਦਾ ਵੀ ਕੀਤਾ। ਬਠਿੰਡਾ ’ਚ ਇੰਡਸਟਰੀਅਲ ਹਬ ਬਣਾਉਣ ਅਤੇ ਹਰ ਜ਼ਿਲਾ ਪੱਧਰ ’ਤੇ ਮੈਡੀਕਲ ਤੇ ਵੈਟਰਨਰੀ ਕਾਲਜ ਖੋਲ੍ਹਣ ਦੀ ਗੱਲ ਵੀ ਕਹੀ।
ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਭੁੱਚੋ ਹਲਕੇ ’ਚ 550 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸਨ। ਉਨ੍ਹਾਂ ‘ਆਪ’ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ 4 ਸਾਲਾਂ ਬਾਅਦ ਵੀ ਵਫ਼ਾ ਨਹੀਂ ਹੋਇਆ। ਰੈਲੀ ਦੇ ਅਖ਼ੀਰ ’ਚ ਸੁਖਬੀਰ ਬਾਦਲ ਨੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਆਉਣ ’ਤੇ ਕਬੱਡੀ ਕੱਪ ਅਤੇ ਪਸ਼ੂ ਮੇਲੇ ਮੁੜ ਸ਼ੁਰੂ ਕਰਵਾਏ ਜਾਣਗੇ।
Read More : ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 10 ਸਾਲ ਦੀ ਕੈਦ
