ਫਰੀਦਕੋਟ ਦੇ ਪਿੰਡ ਢੁੱਡੀ ਵਿਖੇ ਵਾਪਰਿਆ ਦਰਦਨਾਕ ਹਾਦਸਾ; ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕੱਢੀ ਮ੍ਰਿਤਕ ਦੇਹ
ਫਰੀਦਕੋਟ, 7 ਮਾਰਚ : ਫਰੀਦਕੋਟ ਦੇ ਨਜ਼ਦੀਕੀ ਪਿੰਡ ਢੁੱਡੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਛੱਪੜ ਵਿੱਚ ਡਿੱਗਣ ਕਾਰਨ ਇਕ 5 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਅਭੀਜੀਤ ਸਿੰਘ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਾ ਛੱਪੜ ਦੇ ਕਿਨਾਰੇ ਖੇਡ ਰਿਹਾ ਸੀ ਅਤੇ ਅਚਾਨਕ ਉਸ ਦੀ ਗੇਂਦ ਪਾਣੀ ਵਿੱਚ ਜਾ ਡਿੱਗੀ। ਗੇਂਦ ਕੱਢਣ ਦੀ ਕੋਸ਼ਿਸ਼ ’ਚ ਮਾਸੂਮ ਬੱਚਾ ਛੱਪੜ ’ਚ ਉਤਰ ਗਿਆ ਪਰ ਪਾਣੀ ਡੂੰਘਾ ਹੋਣ ਕਾਰਨ ਉਹ ਸੰਭਲ ਨਹੀਂ ਸਕਿਆ ਅਤੇ ਡੁੱਬ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਮੌਜੂਦ ਲੋਕਾਂ ਅਤੇ ਬੱਚੇ ਦੀ ਮਾਤਾ ਵੱਲੋਂ ਉਸ ਨੂੰ ਬਚਾਉਣ ਦੀ ਪੂਰੀ ਵਾਹ ਲਾਈ ਗਈ ਪਰ ਸਫਲਤਾ ਨਹੀਂ ਮਿਲੀ।
ਪ੍ਰਸ਼ਾਸਨ ਨੂੰ ਸੂਚਨਾ ਮਿਲਣ ਤੋਂ ਬਾਅਦ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਚਾਰ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਬੱਚੇ ਦੀ ਦੇਹ ਨੂੰ ਛੱਪੜ ’ਚੋਂ ਬਾਹਰ ਕੱਢਿਆ। ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਕੰਮ ’ਤੇ ਗਏ ਸਨ ਅਤੇ ਪਿੱਛੋਂ ਇਹ ਭਾਣਾ ਵਰਤ ਗਿਆ। ਡੀ.ਐੱਸ.ਪੀ. ਤਰਲੋਚਣ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਮ੍ਰਿਤਕ ਅਭੀਜੀਤ ਸਿੰਘ ਆਪਣੇ ਪਿੱਛੇ ਇਕ ਭੈਣ ਅਤੇ ਰੋਂਦੇ-ਵਿਲਕਦੇ ਮਾਪਿਆਂ ਨੂੰ ਛੱਡ ਗਿਆ ਹੈ।
Read More : ਸੁਖਬੀਰ ਬਾਦਲ ਵੱਲੋਂ ਸ਼ਗਨ ਸਕੀਮ 1 ਲੱਖ ਅਤੇ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਐਲਾਨ
