Sua broken

ਓਵਰਫਲੋ ਹੋ ਕੇ ਟੁੱਟਿਆ ਸੂਆ, 25 ਏਕੜ ਝੋਨਾ ਪ੍ਰਭਾਵਿਤ

ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਸੂਏ ਨੂੰ ਜਲਦ ਪੱਕਾ ਕਰਨ ਦੀ ਕੀਤੀ ਮੰਗ

ਸੰਗਰੂਰ, 28 ਜੁਲਾਈ : ਜ਼ਿਲਾ ਸੰਗਰੂਰ ਦੇ ਪਿੰਡ ਝਨੇੜੀ ਵਿਖੇ ਅੱਜ ਸਵੇਰੇ ਸੂਆ ਟੁੱਟਣ ਕਾਰਨ ਕਰੀਬ ਅੱਧੇ ਦਰਜਨ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਪਾਣੀ ਨਾਲ ਪ੍ਰਭਾਵਿਤ ਹੋ ਗਈ।

ਇਸ ਸਬੰਧੀ ਮੇਜਰ ਸਿੰਘ, ਜਗਵਿੰਦਰ ਸਿੰਘ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਅਚਾਨਕ ਸੂਆ ਟੁੱਟਣ ਕਾਰਨ ਸੂਏ ’ਚ ਪਾੜ ਪੈ ਗਿਆ। ਸੂਏ ’ਚੋਂ ਆਏ ਪਾਣੀ ਅਤੇ ਨਾਲ ਵਹਿ ਕੇ ਆਈ ਮਿੱਟੀ ਕਾਰਨ ਕਿਸਾਨਾਂ ਦੀ ਕਰੀਬ 25 ਏਕੜ ਝੋਨੇ ਦੀ ਫਸਲ ਪ੍ਰਭਾਵਿਤ ਹੋ ਗਈ।

ਕਿਸਾਨਾਂ ਨੇ ਦੱਸਿਆ ਕਿ ਸੂਆ ਟੁੱਟਣ ਦੀ ਸੂਚਨਾ ਮਿਲਣ ’ਤੇ ਮੌਕੇ ਉੱਪਰ ਪਹੁੰਚੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਨਾਲ ਸੂਏ ਨੂੰ ਭਰ ਕੇ ਬੰਦ ਕਰਵਾ ਦਿੱਤਾ ਪਰ ਕਮਜ਼ੋਰ ਹੋਣ ਕਾਰਨ ਸੂਆ ਉਕਤ ਜਗ੍ਹਾ ਨੇੜਿਓਂ ਦੁਬਾਰਾ ਟੁੱਟ ਸਕਦਾ ਹੈ, ਜਿਸ ਕਾਰਨ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੂਏ ਨੂੰ ਜਲਦ ਪੱਕਾ ਕੀਤਾ ਜਾਵੇ ਅਤੇ ਨਾਲ ਹੀ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਦੂਜੇ ਪਾਸੇ ਨਹਿਰੀ ਵਿਭਾਗ ਬਾਲਦ ਕੋਠੀ ਦੇ ਐੱਸ. ਡੀ. ਓ. ਅੰਮ੍ਰਿਤਪਾਲ ਸਿੰਘ ਪੁੰਜ ਨੇ ਕਿਹਾ ਕਿ ਓਵਰਫਲੋ ਹੋ ਜਾਣ ਕਾਰਨ ਉਕਤ ਸੂਆ ਇਕ ਜਗ੍ਹਾ ਤੋਂ ਟੁੱਟ ਗਿਆ ਸੀ, ਜਿਸਨੂੰ ਤੁਰੰਤ ਮਿੱਟੀ ਦੀਆਂ ਬੋਰੀਆਂ ਨਾਲ ਪਲੱਗ ਕਰਵਾ ਦਿੱਤਾ ਗਿਆ। ਅਧਿਕਾਰੀ ਦੇ ਮੁਤਾਬਕ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਉਨ੍ਹਾਂ ਕਿਹਾ ਕਿ ਪੈਡੀ ਸੀਜ਼ਨ ਸਿਖਰ ’ਤੇ ਹੋਣ ਕਾਰਨ ਸੂਏ ’ਚ ਪਾਣੀ ਬੰਦ ਨਹੀਂ ਕੀਤਾ ਜਾ ਸਕਦਾ। ਵਿਭਾਗ ਨੂੰ ਮੁਰੰਮਤ ਕਰਾਉਣ ਲਈ 7 ਤੋਂ 10 ਦਿਨਾਂ ਦਾ ਸਮਾਂ ਚਾਹੀਦਾ ਹੋਵੇਗਾ ਅਤੇ ਸੂਏ ਦਾ ਪਾਣੀ ਵੀ ਮੁਕੰਮਲ ਬੰਦ ਕਰਨਾ ਪਵੇਗਾ, ਇਸ ਲਈ ਫਿਲਹਾਲ ਮਿੱਟੀ ਦੀਆਂ ਬੋਰੀਆਂ ਨਾਲ ਪਾੜ ਆਰਜੀ ਤੌਰ ’ਤੇ ਭਰਿਆ ਗਿਆ ਹੈ।

Read More : ਪੰਜਾਬ ਪੁਲਸ ਸਬ-ਇੰਸਪੈਕਟਰ ਨੂੰ ਪੰਜ ਸਾਲ ਦੀ ਕੈਦ

Leave a Reply

Your email address will not be published. Required fields are marked *