ਹਰਿਆਣਾ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ 36 ਫ਼ੀਸਦੀ ਘਟੇ; ਤਿੰਨ ਨਵੇਂ ਸਾਈਬਰ ਪੁਲਿਸ ਸਟੇਸ਼ਨ ਖੋਲ੍ਹਣ ਦਾ ਐਲਾਨ
ਚੰਡੀਗੜ੍ਹ, 18 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਜਾਣਕਾਰੀ ਦਿੱਤੀ ਕਿ ਸੂਬਾ ਪੁਲਿਸ ਵੱਲੋਂ ਸਾਈਬਰ ਅਪਰਾਧ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ।
ਮੁੱਖ ਮੰਤਰੀ ਨੇ ਵਿਧਾਇਕ ਸ੍ਰੀ ਆਫਤਾਬ ਅਹਿਮਦ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਸਾਲ 2024 ਦੇ ਮੁਕਾਬਲੇ 2025 ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ 17 ਫ਼ੀਸਦੀ ਅਤੇ ਧੋਖਾਧੜੀ ਦੇ ਮਾਮਲਿਆਂ ਵਿੱਚ 36 ਫ਼ੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਅੰਕੜਿਆਂ ਦਾ ਵੇਰਵਾ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ 2024 ਵਿੱਚ ਸਾਈਬਰ ਅਪਰਾਧ ਦੇ 6,054 ਮਾਮਲੇ ਸਨ ਜੋ 2025 ਵਿੱਚ ਘਟ ਕੇ 5,000 ਰਹਿ ਗਏ। ਇਸੇ ਤਰ੍ਹਾਂ ਧੋਖਾਧੜੀ ਦੇ ਮਾਮਲੇ 9,804 ਤੋਂ ਘਟ ਕੇ 6,324 ਹੋ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਈਬਰ ਅਪਰਾਧੀਆਂ ਵਿਰੁੱਧ ਸ਼ਿਕੰਜਾ ਕੱਸਦਿਆਂ ਗ੍ਰਿਫ਼ਤਾਰੀਆਂ ਵਿੱਚ ਵੀ 57 ਫ਼ੀਸਦੀ ਦਾ ਵਾਧਾ ਹੋਇਆ ਹੈ। ਸਾਲ 2025 ਵਿੱਚ ਕੁੱਲ 8,093 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਜਦੋਂ ਕਿ 2024 ਵਿੱਚ ਇਹ ਗਿਣਤੀ 5,156 ਸੀ।
ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ 2026-27 ਦੇ ਬਜਟ ਪ੍ਰਸਤਾਵਾਂ ਵਿੱਚ ਸਾਈਬਰ ਅਪਰਾਧ ਨੂੰ ਨੱਥ ਪਾਉਣ ਲਈ ਤਿੰਨ ਨਵੇਂ ਸਾਈਬਰ ਪੁਲਿਸ ਸਟੇਸ਼ਨ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਡਿਜੀਟਲ ਗ੍ਰਿਫ਼ਤਾਰੀਆਂ ਅਤੇ ਵਿੱਤੀ ਧੋਖਾਧੜੀ ਨੂੰ ਰੋਕਣ ਲਈ ‘ਦੋਹਰੇ OTP’ (Double OTP) ਦੀ ਵਿਵਸਥਾ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਇੱਕ ਸਮਰਪਿਤ ਸਾਈਬਰ ਅਪਰਾਧ ਵਿਭਾਗ ਸਥਾਪਤ ਕੀਤਾ ਹੈ, ਜੋ ਪਿਛਲੀ ਕਾਂਗਰਸ ਸਰਕਾਰ ਵੇਲੇ ਮੌਜੂਦ ਨਹੀਂ ਸੀ।
ਪੀੜਤਾਂ ਦੀ ਸਹੂਲਤ ਲਈ ਸੂਬੇ ਵਿੱਚ ‘ਜ਼ੀਰੋ ਐਫਆਈਆਰ’ ਪ੍ਰਣਾਲੀ ਅਤੇ 1930 ਹੈਲਪਲਾਈਨ ਨੰਬਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਬੈਂਕਾਂ ਨਾਲ ਬਿਹਤਰ ਤਾਲਮੇਲ ਸਦਕਾ ਧੋਖਾਧੜੀ ਵਾਲੇ ਫੰਡਾਂ ਨੂੰ ਹੋਲਡ (Hold) ਕਰਨ ਦੀ ਦਰ ਵੀ 27 ਫ਼ੀਸਦੀ ਤੋਂ ਵਧ ਕੇ 40 ਫ਼ੀਸਦੀ ਹੋ ਗਈ ਹੈ।
Read More : ਪੰਜਾਬ ਵਿਚ ਮੌਸਮ ਦਾ ਮਿਜ਼ਾਜ ਬਦਲਿਆ: ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ
