ਮੁਲਾਜ਼ਮਾਂ ਨੇ ਤਿੰਨ ਦਿਨਾਂ ਸਮੂਹਿਕ ਛੁੱਟੀ ਦੇ ਪਹਿਲੇ ਦਿਨ ਸੰਘਰਸ਼ ਭਖਾਇਆ
ਪਟਿਆਲਾ, 11 ਅਗਸਤ : ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਸਾਂਝੇ ਫਰੰਟ ਵੱਲੋਂ ਦਿੱਤੀ ਹੜਤਾਲ ਦੇ ਸੱਦੇ ਤਹਿਤ ਅੱਜ ਪੂਰਾ ਜ਼ਿਲਾ ਪਟਿਆਲਾ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਸਾਹਮਣੇ ਬਿਜਲੀ ਕਾਮਿਆਂ ਨੇ ਜ਼ੋਰਦਾਰ ਰੋਸ ਰੈਲੀਆਂ ਕੀਤੀਆਂ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਅੱਜ ਸ਼ੁਰੂ ਹੋਈ ਹੜਤਾਲ 13 ਅਗਸਤ ਤੱਕ ਚੱਲੇਗੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ਮਿਤੀ 2/6 ਨੂੰ ਮੋਹਾਲੀ ਵਿਖੇ ਪਾਵਰਕਾਮ ਮੈਨੇਜਮੈਂਟ ਨਾਲ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਹਾਜ਼ਰੀ ’ਚ ਹੋਈ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਉੱਪਰ ਸਹਿਮਤੀ ਹੋਈ ਸੀ। ਤਕਰੀਬਨ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਮਿਤੀ 25/6 ਤੋਂ ਵਰਕ-ਟੂ-ਰੂਲ ’ਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਸਮੂਹ ਮੁਲਾਜ਼ਮਾਂ ਨੇ ਸ਼ਾਮ 5 ਵਜੇ ਤੋਂ ਬਾਅਦ ਅਤੇ ਸਵੇਰੇ 9 ਵਜੇ ਤੱਕ ਅਪਣੇ ਫੋਨ ਬੰਦ ਰੱਖਣ ਦਾ ਐਲਾਨ ਕੀਤਾ।
ਜਥੇਬੰਦੀਆਂ ਨੇ ਪਾਵਰਕਾਮ ਮੈਨੇਜਮੈਂਟ ਨੂੰ ਅਾਪਣੇ ਸੰਘਰਸ਼ ਸਬੰਧੀ ਪਹਿਲਾਂ ਹੀ ਸੁਚੇਤ ਕੀਤਾ ਹੋਇਆ ਹੈ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਬਿਜਲੀ ਮੁਲਾਜ਼ਮਾਂ ਕੋਲ ਸੰਘਰਸ਼ ਤੇਜ਼ ਕਰਦੇ ਹੋਏ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਮਿਤੀ 15 ਅਗਸਤ (ਆਜ਼ਾਦੀ ਦਿਵਸ) ਵਾਲੇ ਦਿਨ ਜਥੇਬੰਦੀਆਂ ਵੱਲੋਂ ਜ਼ਿਲਾ ਹੈੱਡ ਕੁਆਰਟਰਾਂ ਨੇੜਲੇ ਦਫ਼ਤਰਾਂ ’ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਰੈਲੀ ਨੂੰ ਸਰਕਲ ਦੇ ਸਕੱਤਰ ਕੁਲਦੀਪ ਸਿੰਘ, ਗਗਨਦੀਪ ਸਿੰਘ ਸਿੰਘ ਇੰਪਲਾਈਜ਼ ਫੈੱਡਰੇਸ਼ਨ, ਧਰਮਿੰਦਰ ਦੁਬੇ ਭਾਰਤਵਾਜ ਫੈੱਡਰੇਸ਼ਨ, ਅਮਿਤ ਕੁਮਾਰ ਇੰਪਲਾਈਜ਼ ਫੈੱਡਰੇਸ਼ਨ, ਕਮਲ ਕੁਮਾਰ, ਸਤਨਾਮ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਭਜਨ ਸਿੰਘ ਪ੍ਰਧਾਨ, ਦੀਪਕ ਸ਼ਰਮਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
Read More : ਸਰਹੱਦੀ ਪਿੰਡ ਬੱਚੀਵਿੰਡ ’ਚੋਂ 5 ਕਰੋੜ ਦੀ ਹੈਰੋਇਨ ਬਰਾਮਦ